ਪੀ. ਐੱਮ. ਮੋਦੀ ਨੂੰ ਮਿਲਿਆ UAE ਦਾ ਸਰਵਉੱਚ ਨਾਗਰਿਕ ਸਨਮਾਨ

08/24/2019 3:46:41 PM

ਦੁਬਈ— ਯੂ. ਏ. ਈ. 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉੱਥੋਂ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਹੈ। ਤਿੰਨ ਦੇਸ਼ਾਂ ਦੀ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਪੈਰਿਸ ਤੋਂ ਆਬੂਧਾਬੀ ਪੁੱਜੇ। ਸ਼ਨੀਵਾਰ ਨੂੰ ਉਨ੍ਹਾਂ ਨੂੰ ਯੂ. ਏ. ਈ. ਦਾ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਜ਼ਾਇਦ' ਨਾਲ ਸਨਮਾਨਤ ਕੀਤਾ ਗਿਆ ਹੈ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਨੇ ਮੋਦੀ ਨੂੰ ਇਹ ਸਨਮਾਨ ਦਿੱਤਾ। 


ਇਸ ਤੋਂ ਪਹਿਲਾਂ ਇੱਥੋਂ ਦੀ ਮੀਡੀਆ ਨੂੰ ਦਿੱਤੀ ਇੰਟਰਵੀਊ ਦੌਰਾਨ ਪੀ. ਐੱਮ. ਮੋਦੀ ਨੇ ਆਰਟੀਕਲ 370 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ 4 ਦਹਾਕਿਆਂ ਤੋਂ ਸਰਹੱਦ ਪਾਰ ਤੋਂ ਜਾਰੀ ਅੱਤਵਾਦ ਕਾਰਨ ਪੀੜਤ ਸੀ। ਅਜਿਹੇ 'ਚ ਇਹ ਕਦਮ ਚੁੱਕਣਾ ਜ਼ਰੂਰੀ ਸੀ। ਪੀ. ਐੱਮ. ਨੇ ਕਿਹਾ ਕਿ ਆਰਟੀਕਲ 370 ਸਾਡਾ ਅੰਦਰੂਨੀ ਮਾਮਲਾ ਹੈ ਜੋ ਕਿ ਪੂਰੀ ਤਰ੍ਹਾਂ ਲੋਕਤੰਤਰੀ ਤੇ ਪਾਰਦਰਸ਼ੀ ਹੈ।

 

PunjabKesari

 

ਇਸ ਦੇ ਨਾਲ ਹੀ ਪੀ. ਐੱਮ. ਨੇ ਕਿਹਾ ਕਿ ਆਰਟੀਕਲ 370 ਹਟਣ ਨਾਲ ਜੰਮੂ-ਕਸ਼ਮੀਰ ਦਾ ਇਕੱਲਾਪਣ ਦੂਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਸ਼ਮੀਰ ਵਿਕਸਿਤ ਹੋਵੇਗਾ ਅਤੇ ਗਲਤ ਤਰੀਕੇ ਨਾਲ ਫਾਇਦਾ ਚੁੱਕਣ ਵਾਲਿਆਂ 'ਤੇ ਰੋਕ ਲੱਗੇਗੀ। ਪੀ. ਐੱਮ. ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਸ਼ਮੀਰ ਦੇ ਇਕੱਲੇਪਣ ਕਾਰਨ ਕਈ ਨੌਜਵਾਨ ਭਟਕ ਕੇ ਅੱਤਵਾਦ ਅਤੇ ਹਿੰਸਾ ਦਾ ਰਸਤਾ ਅਪਣਾ ਰਹੇ ਸਨ।

PunjabKesari

ਪੀ. ਐੱਮ ਨੇ ਅੱਗੇ ਭਾਰਤ ਅਤੇ ਯੂ. ਏ. ਈ. ਦੇ ਸਾਂਝੇ ਹਿੱਤ 'ਤੇ ਗੱਲ ਕਰਦਿਆਂ ਕਿਹਾ ਜੋ ਸ਼ਕਤੀਆਂ ਮਨੁੱਖਤਾ ਦੇ ਖਿਲਾਫ ਕੰਮ ਕਰ ਰਹੀਆਂ ਹਨ ਅਤੇ ਅੱਤਵਾਦ ਦੀ ਸ਼ਰਣ ਬਣ ਰਹੀਆਂ ਹਨ, ਉਨ੍ਹਾਂ ਨੂੰ ਆਪਣੀਆਂ ਨੀਤੀਆਂ ਛੱਡਣੀਆਂ ਪੈਣਗੀਆਂ। ਪੀ. ਐੱਮ. ਮੋਦੀ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਭਾਰਤ ਨੇ ਅੱਤਵਾਦ ਖਿਲਾਫ ਜੋ ਕਦਮ ਚੁੱਕੇ ਹਨ, ਯੂ. ਏ. ਈ. ਨੇ ਉਨ੍ਹਾਂ ਨੂੰ ਸਮਝਿਆ ਹੈ। ਦੋਹਾਂ ਦੇਸ਼ਾਂ ਵਿਚਕਾਰ ਸਾਂਝੀ ਸੁਰੱਖਿਆ ਨੂੰ ਲੈ ਕੇ ਜ਼ਬਰਦਸਤ ਸਹਿਯੋਗ ਹੈ।

ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਸਮੇਂ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤ ਹੋ ਗਿਆ ਅਤੇ ਪੀ. ਐੱਮ. ਮੋਦੀ ਨੇ ਵਿਦੇਸ਼ ਦੌਰੇ ਦੌਰਾਨ ਟਵੀਟ ਕਰਕੇ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਫੋਨ 'ਤੇ ਗੱਲ ਕਰ ਕੇ ਦੁੱਖ ਸਾਂਝਾ ਕੀਤਾ।


Related News