ਸ਼੍ਰੀਲੰਕਾ ਹਮਲੇ ''ਚ ਵਾਲ-ਵਾਲ ਬਚਿਆ UAE ਰਹਿੰਦਾ ਭਾਰਤੀ ਜੋੜਾ

04/28/2019 3:35:35 PM

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਰਹਿਣ ਵਾਲੇ ਭਾਰਤੀ ਮੂਲ ਦੇ ਪਤੀ-ਪਤਨੀ ਨੇ ਦੱਸਿਆ ਕਿ 21 ਅਪ੍ਰੈਲ ਨੂੰ ਸ਼੍ਰੀਲੰਕਾ 'ਚ ਜਦ ਅੱਤਵਾਦੀ ਹਮਲੇ ਹੋਏ ਤਾਂ ਉਹ ਵੀ ਉੱਥੇ ਹੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੀ ਜਾਨ ਵਾਲ-ਵਾਲ ਬਚੀ। ਅਭਿਨਵ ਤੇ ਉਨ੍ਹਾਂ ਦੀ ਪਤਨੀ ਨਵਰੂਪ ਨੇ ਦੱਸਿਆ ਕਿ ਉਹ ਬਿਜ਼ਨਸ ਟੂਰ ਲਈ ਸ਼੍ਰੀਲੰਕਾ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਜਾਨ ਬਚ ਗਈ, ਹਾਲਾਂਕਿ ਉਹ ਵੀ ਉੱਥੇ ਹੀ ਸਨ ਜਿੱਥੇ ਬੁਫਟ ਖਾਣ ਲਈ ਲਾਈਨ 'ਚ ਲੱਗੇ ਆਤਮਘਾਤੀ ਹਮਲਾਵਰ ਨੇ ਬੰਬ ਧਮਾਕਾ ਕਰਕੇ ਕਈ ਜਾਨਾਂ ਲੈ ਲਈਆਂ। 

ਅਭਿਨਵ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦਿਨ ਜੋ ਭਿਆਨਕ ਮੰਜ਼ਰ ਦੇਖਿਆ ਉਸ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ। ਉਨ੍ਹਾਂ ਦੱਸਿਆ ਕਿ 2008 'ਚ ਮੁੰਬਈ ਵਿਖੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਉਸ ਸਮੇਂ ਉਹ ਮੁੰਬਈ 'ਚ ਸਨ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਯੂ. ਏ. ਈ. 'ਚੋਂ ਬਾਹਰ ਗਏ ਅਤੇ ਦੋਵੇਂ ਵਾਰ ਭਿਆਨਕ ਅੱਤਵਾਦੀ ਹਮਲੇ ਦੇਖੇ।

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ 'ਚ ਈਸਟਰ ਸੰਡੇ ਵਾਲੇ ਦਿਨ ਕਈ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ 'ਚ 359 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵਧੇਰੇ ਲੋਕ ਜ਼ਖਮੀ ਹਨ।