100 ਕਰੋੜ ਟੀਕਾਕਰਨ ਦਾ ਟੀਚਾ ਪੂਰਾ ਹੋਣ ’ਤੇ ‘ਤਿਰੰਗੇ’ ਦੀ ਰੋਸ਼ਨੀ ਨਾਲ ਜਗਮਗਾਉਣਗੇ ਵਰਿੰਦਾਵਨ ਦੇ 2 ਮੰਦਰ

10/20/2021 5:37:15 PM

ਮਥੁਰਾ- ਦੇਸ਼ ’ਚ 100 ਕਰੋੜ ਲੋਕਾਂ ਦੇ ਕੋਰੋਨਾ ਟੀਕਾਕਰਨ ਦਾ ਟੀਚਾ ਪੂਰਾ ਹੋਣ ’ਤੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਵਲੋਂ ਕੋਰੋਨਾ ਯੋਧਿਆਂ ਦੇ ਸਨਮਾਨ ’ਚ ਵੀਰਵਾਰ ਨੂੰ ਵਰਿੰਦਾਵਨ ਦੇ 2 ਪ੍ਰਾਚੀਨ ਮੰਦਰਾਂ ਠਾਕੁਰ ਗੋਵਿੰਦ ਦੇਵ ਮੰਦਰ ਅਤੇ ਠਾਕੁਰ ਮਦਨਮੋਹਨ ਮੰਦਰ ਨੂੰ ਵੀ ਤਿਰੰਗੇ ਦੀ ਰੋਸ਼ਨੀ ’ਚ ਜਗਮਗਾਉਣ ਦੀ ਤਿਆਰੀ ਕਰ ਲਈ ਗਈ ਹੈ। ਦੱਸਣਯੋਗ ਹੈ ਕਿ ਉਕਤ ਦੋਵੇਂ ਮੰਦਰ ਏ.ਐੱਸ.ਆਈ. ਦੀ ਸੁਰੱਖਿਅਤ ਸਮਾਰਕਾਂ ਸੰਬੰਧੀ ਕੇਂਦਰੀ ਸੂਚੀ ’ਚ ਸ਼ਾਮਲ ਹਨ ਅਤੇ ਵਰਿੰਦਾਵਨ ਦੇ 5 ਸਦੀ ਪੁਰਾਣੇ ਦੇਵਾਲਿਆਂ ’ਚ ਸ਼ਾਮਲ ਹਨ। 

ਭਾਰਤੀ ਪੁਰਾਤੱਤਵ ਸਰਵੇਖਣ, ਆਗਰਾ ਮੰਡਲ ਦੇ ਪੁਰਾਤੱਤਵ ਵਿਗਿਆਨੀ ਆਰ. ਕੇ. ਪਟੇਲ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਦੇਸ਼ ’ਚ 100 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਪੂਰਾ ਹੋਣ ਮੌਕੇ ਕੋਰੋਨਾ ਯੋਧਿਆਂ ਦੇ ਸਨਮਾਨ ਦੇ ਰੂਪ ’ਚ ਪ੍ਰਾਚੀਨ ਧਰੋਹਰਾਂ ਨੂੰ ਰਾਸ਼ਟਰੀ ਝੰਡੇ ਦੇ ਤਿੰਨ ਰੰਗਾਂ ’ਚ ਸਜਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਗਰਾ ਦੇ ਇਕ ਦਰਜਨ ਤੋਂ ਵੱਧ ਮਹੱਤਵਪੂਰਨ ਸਮਾਰਕਾਂ ਦੇ ਨਾਲ-ਨਾਲ ਮਥੁਰਾ ’ਚ ਵਰਿੰਦਾਵਨ ਸਥਿਤ ਠਾਕੁਰ ਗੋਵਿੰਦ ਦੇਵ ਮੰਦਰ ਅਤੇ ਠਾਕੁਰ ਮਦਨ ਮੋਹਨ ਮੰਦਰ ਨੂੰ ਵੀ ਇਸ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਪਟੇਲ ਨੇ ਦੱਸਿਆ ਕਿ ਇਸ ਲਈ ਦੋਵੇਂ ਮੰਦਰਾਂ ’ਚ ਸਜਾਵਟ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਬਕਾਇਦਾ ਰੋਸ਼ਨੀ ਕਰ ਕੇ ਪ੍ਰੀਖਣ ਵੀ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha