ਹਿਮਾਚਲ ਪ੍ਰਦੇਸ਼ ''ਚ ਕੋਵਿਡ-19 ਨਾਲ ਦੋ ਹੋਰ ਮੌਤਾਂ, 83 ਨਵੇਂ ਮਾਮਲੇ ਆਏ ਸਾਹਮਣੇ

08/20/2020 2:57:46 AM

ਸ਼ਿਮਲਾ - ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਬੁੱਧਵਾਰ ਨੂੰ ਦੋ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਵੱਧ ਕੇ 20 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 83 ਨਵੇਂ ਮਾਮਲੇ ਆਉਣ ਦੇ ਨਾਲ ਹੀ ਪ੍ਰਦੇਸ਼ 'ਚ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 4,319 ਹੋ ਗਈ ਹੈ। ਚੰਬੇ ਦੇ ਮੁੱਖ ਸਿਹਤ ਅਧਿਕਾਰੀ (ਸੀ.ਐੱਮ.ਓ.) ਡਾ. ਰਾਜੇਸ਼ ਗੁਲੇਰੀ ਨੇ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਚੰਬਾ 'ਚ ਇੱਕ ਮੈਡੀਕਲ ਕਾਲਜ 'ਚ 48 ਸਾਲਾ ਵਿਅਕਤੀ ਨੂੰ ਮ੍ਰਿਤਕ ਹਾਲਤ 'ਚ ਲਿਆਇਆ ਗਿਆ। ਜਾਂਚ 'ਚ ਬੁੱਧਵਾਰ ਨੂੰ ਉਸ ਦੇ ਕੋਰੋਨਾ ਪੀੜਤ ਹੋਣ ਦੀ ਗੱਲ ਸਾਹਮਣੇ ਆਈ।

ਸੀ.ਐੱਮ.ਓ. ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ ਮੰਗਲਵਾਰ ਨੂੰ ਲਾਸ਼ ਤੋਂ ਨਮੂਨਾ ਲਿਆ ਗਿਆ ਸੀ ਅਤੇ ਬੁੱਧਵਾਰ ਨੂੰ ਆਈ ਰਿਪੋਰਟ 'ਚ ਇਨਫੈਕਸ਼ਨ ਦਾ ਪਤਾ ਲੱਗਾ। ਡਾ. ਗੁਲੇਰੀ ਨੇ ਦੱਸਿਆ ਕਿ ਇਸ ਵਿਅਕਤੀ ਨੂੰ 13 ਅਗਸਤ ਨੂੰ ਮੈਡੀਕਲ ਕਾਲਜ 'ਚ ਸ਼ੂਗਰ ਅਤੇ ਨਮੂਨੀਆ ਦੀ ਵਜ੍ਹਾ ਕਾਰਨ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਦੀ ਸਲਾਹ ਦੇ ਉਲਟ ਉਹ ਅਗਲੇ ਹੀ ਦਿਨ ਚੰਡੀਗੜ੍ਹ 'ਚ ਇਲਾਜ ਕਰਵਾਉਣ ਦੀ ਗੱਲ ਕਹਿ ਕੇ ਹਸਪਤਾਲ ਤੋਂ ਚਲਾ ਗਿਆ ਸੀ।

ਉਥੇ ਹੀ ਕਾਂਗੜਾ ਦੇ ਸੀ.ਐੱਮ.ਓ. ਡਾ. ਗੁਰਦਰਸ਼ਨ ਗੁਪਤਾ ਨੇ ਕਿਹਾ ਕਿ ਧਰਮਸ਼ਾਲਾ ਦੇ ਇੱਕ ਹਸਪਤਾਲ 'ਚ ਕੋਵਿਡ-19 ਤੋਂ ਪੀਡ਼ਤ ਇੱਕ ਜਨਾਨੀ ਦੀ ਬੁੱਧਵਾਰ ਨੂੰ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਨਾਨੀ ਨੂੰ ਤੇਜ਼ ਬੁਖਾਰ ਦੇ ਨਾਲ ਹੀ ਸਾਹ ਲੈਣ 'ਚ ਵੀ ਤਕਲੀਫ ਸੀ। ਵਿਸ਼ੇਸ਼ ਸਕੱਤਰ (ਸਿਹਤ) ਨਿਪੁਣ ਜਿੰਦਲ ਨੇ ਕਿਹਾ ਕਿ ਸੂਬੇ 'ਚ ਸਾਹਮਣੇ ਆਏ 83 ਨਵੇਂ ਮਾਮਲਿਆਂ 'ਚੋਂ 21 ਮਾਮਲੇ ਮੰਡੀ, 20 ਮਾਮਲੇ ਸਿਰਮੌਰ, 16 ਮਾਮਲੇ ਕਾਂਗੜਾ, 12 ਮਾਮਲੇ ਚੰਬਾ, ਚਾਰ-ਚਾਰ ਮਾਮਲੇ ਸ਼ਿਮਲਾ ਅਤੇ ਕੁੱਲੂ ਅਤੇ ਊਨਾ, ਬਿਲਾਸਪੁਰ 'ਚ ਤਿੰਨ-ਤਿੰਨ ਮਾਮਲੇ ਹਨ। ਜਿੰਦਲ ਨੇ ਦੱਸਿਆ ਕਿ ਇਨ੍ਹਾਂ 'ਚੋਂ ਠੀਕ ਹੋ ਚੁੱਕੇ 28 ਮਰੀਜ਼ਾਂ ਨੂੰ ਬੁੱਧਵਾਰ ਨੂੰ ਸੂਬੇ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।

Inder Prajapati

This news is Content Editor Inder Prajapati