ਕਾਰ-ਟਰੱਕ ਦੀ ਭਿਆਨਕ ਟੱਕਰ ਦੌਰਾਨ 2 ਜ਼ਖਮੀ ਅਤੇ 2 ਦੀ ਮੌਤ

07/11/2017 8:02:42 PM

ਨੰਗਲ - ਚੰਡੀਗੜ-ਨੰਗਲ-ਊਨਾ ਮਾਰਗ 'ਤੇ ਪਿੰਡ ਅਜੌਲੀ 'ਚ ਬੀਤੀ ਰਾਤ ਇਕ ਕਾਰ ਤੇ ਟਰੱਕ ਦੀ ਭਿਆਨਕ ਟੱਕਰ 'ਚ 2 ਦੀ ਮੌਤ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੋਮਵਾਰ ਰਾਤ ਨੂੰ ਕਰੀਬ 10 ਵਜੇ ਉਕਤ ਸਥਾਨ 'ਤੇ ਮੰਡੀ ਗੋਬਿੰਦਗੜ ਤੋਂ ਨੰਗਲ ਵੱਲ ਆ ਰਹੀ ਕਾਰ ਤੇ ਨੰਗਲ ਤੋਂ ਚੰਡੀਗੜ ਵੱਲ ਜਾ ਰਹੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ 'ਚ ਕਾਰ ਸਵਾਰ ਚਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਇਸ ਸਬੰਧੀ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੀ.ਜੀ.ਆਈ. ਜਾਂਦੇ ਸਮੇਂ ਦੇਸ ਰਾਜ (66 ਸਾਲ) ਨਿਵਾਸੀ ਗੋਬਿੰਦਗੜ ਤੇ ਉਸਦਾ ਜਵਾਈ ਕ੍ਰਿਸ਼ਨਕਾਂਤ ਸਹਿਗਲ (45 ਸਾਲ) ਦੀ ਰਾਸਤੇ 'ਚ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੇਸ ਰਾਜ ਦੀ ਪਤਨੀ ਕਮਲਾ ਉਮਰ 64 ਸਾਲ ਦੀ ਗੰਭੀਰ ਹਾਲਤ ਹੋਣ ਕਾਰਨ ਉਹਪੀ. ਜੀ. ਆਈ. 'ਚ ਇਲਾਜ ਅਧੀਨ ਹੈ ਤੇ ਕ੍ਰਿਸ਼ਨ ਕਾਂਤ ਸਹਿਗਲ ਦੇ ਪੁੱਤਰ ਸੁਮਿਤ ਸਹਿਗਲ ਉਰਫ ਮਨੂੰ ਨਿਵਾਸੀ ਬੰਗਾਣਾ ਜ਼ਿਲਾ ਊਨਾ ਦਾ ਵੀ ਇਲਾਜ ਚੱਲ ਰਿਹਾ ਹੈ। 
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਮਿਤ ਆਪਣੇ ਪਿਤਾ ਦੇ ਨਾਲ ਆਪਣੇ ਨਾਨਾ-ਨਾਨੀ ਨੂੰ ਨਾਲ ਲੈ ਕੇ ਆਪਣੇ ਘਰ ਹਿਮਾਚਲ ਦੇ ਬੰਗਾਣਾ ਕਸਬੇ 'ਚ ਜਾ ਰਹੇ ਸੀ ਕਿ ਉਕਤ ਸਥਾਨ 'ਤੇ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਕਾਂਤ ਸਹਿਗਲ ਹਿਮਾਚਲ ਪ੍ਰਦੇਸ਼ ਦੇ ਸਿਹਤ ਵਿਭਾਗ 'ਚ ਨੌਕਰੀ ਕਰਦਾ ਸੀ ਤੇ ਵਿਭਾਗ 'ਚ ਐਮ. ਪੀ. ਡਬਲਿਊ. ਯੂਨੀਅਨ ਦਾ ਸੂਬਾਈ ਪ੍ਰਧਾਨ ਸੀ। ਨੰਗਲ ਦੇ ਐਸ. ਐਚ. ਓ. ਪਵਨ ਕੁਮਾਰ ਚੌਧਰੀ ਨੇ ਦੱਸਿਆ ਕਿ ਪੁਲਸ ਨੇ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।