ਡੋਡਾ ''ਚ ਹਿਜ਼ਬੁਲ ਦੇ 2 ਅੱਤਵਾਦੀ ਢੇਰ, ਫੌਜ ਦਾ ਜਵਾਨ ਸ਼ਹੀਦ

05/17/2020 11:21:14 PM

ਡੋਡਾ/ਕਿਸ਼ਤਵਾੜ (ਅਜੈ)-ਜ਼ਿਲਾ ਡੋਡਾ ਦੇ ਗੁੰਦਨਾ ਖੇਤਰ 'ਚ ਅੱਜ ਸਵੇਰੇ ਸ਼ੁਰੂ ਹੋਏ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਇਕ ਚੋਟੀ ਦੇ ਅੱਤਵਾਦੀ ਸਣੇ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਜਦੋਂ ਕਿ ਮੁਕਾਬਲੇ ਦੌਰਾਨ ਫੌਜ ਦਾ ਇਕ ਲਾਂਸ ਨਾਇਕ ਸ਼ਹੀਦ ਹੋ ਗਿਆ। ਮਾਰੇ ਗਏ ਅੱਤਵਾਦੀ ਇਕ ਰਿਹਾਇਸ਼ੀ ਮਕਾਨ ਵਿਚ ਲੁਕੇ ਹੋਏ ਸਨ। ਜਾਣਕਾਰੀ ਮੁਤਾਬਕ ਸੁਰੱਖਿਆ ਦਸਤਿਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲਾ ਡੋਡਾ ਦੇ ਗੁੰਦਨਾ ਖੇਤਰ ਦੇ ਪੋਸਤਾ ਵਿਚ ਕੁਝ ਅੱਤਵਾਦੀ ਲੁਕੇ ਹੋਏ ਹਨ। ਇਸ ਤੋਂ ਬਾਅਦ ਡੋਡਾ ਪੁਲਸ, 10 ਰਾਸ਼ਟਰੀ ਰਾਈਫਲਜ਼ ਅਤੇ ਸੀ.ਆਰ.ਪੀ.ਐਫ. ਵਲੋਂ ਬੀਤੀ ਰਾਤ ਹੀ ਖੇਤਰ ਵਿਚ ਪਹੁੰਚ ਕੇ ਘੇਰਾਬੰਦੀ ਕਰ ਦਿੱਤੀ ਗਈ ਸੀ ਅਤੇ ਅੱਜ ਸਵੇਰੇ ਤਕਰੀਬਨ 8-30 ਵਜੇ ਜਿਵੇਂ ਹੀ ਫੌਜ ਦੀ ਟੁੱਕੜੀ ਇਕ ਰਿਹਾਇਸ਼ੀ ਮਕਾਨ ਨੇੜੇ ਪਹੁੰਚੀ ਤਾਂ ਅੰਦਰ ਸੰਨ੍ਹ ਲਗਾ ਕੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਦਸਤਿਆਂ ਨੇ ਇਸ ਦਾ ਜਵਾਬ ਦਿੰਦੇ ਹੋਏ ਗੋਲੀਆਂ ਚਲਾਈਆਂ।

ਅੱਤਵਾਦੀਆਂ ਦੇ ਇਸ ਹਮਲੇ ਵਿਚ ਫੌਜ ਦਾ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੇ ਬਾਅਦ ਵਿਚ ਦਮ ਤੋੜ ਦਿੱਤਾ। ਖੇਤਰ ਪਹਾੜੀ ਅਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਣ ਕਾਰਨ ਫੌਜ ਨੇ ਹੈਲੀਕਾਪਟਰਾਂ ਦੀ ਵੀ ਮਦਦ ਲਈ ਅਤੇ ਅਖੀਰ ਵਿਚ ਉਸ ਮਕਾਨ ਨੂੰ ਉਡਾਉਣ ਦਾ ਫੈਸਲਾ ਲਿਆ ਗਿਆ ਜਿਸ ਵਿਚ ਅੱਤਵਾਦੀ ਲੁਕੇ ਹੋਏ ਸਨ। ਧਮਾਕੇ ਦੌਰਾਨ ਇਸ ਮਕਾਨ ਦੀ ਲਪੇਟ ਵਿਚ ਗੁਆਂਢ ਦੇ 2 ਹੋਰ ਮਕਾਨ ਵੀ ਨੁਕਸਾਨੇ ਗਏ। ਹਾਲਾਂਕਿ ਮਕਾਨ ਨੂੰ ਬਾਰੂਦ ਨਾਲ ਉਡਾਉਣ ਤੋਂ ਬਾਅਦ ਵੀ ਰੁਕ-ਰੁਕ ਕੇ ਗੋਲੀਆਂ ਚੱਲਦੀਆਂ ਰਹੀਆਂ ਪਰ ਗੋਲੀਆਂ ਦੀ ਆਵਾਜ਼ ਬੰਦ ਹੁੰਦੇ ਹੀ ਸੁਰੱਖਿਆ ਦਸਤਿਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮੁਕਾਬਲੇ ਵਿਚ ਤਬਾਹ ਹੋਏ ਭਵਨਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

ਖਬਰ ਲਿਖੇ ਜਾਣ ਤੱਕ ਸੁਰੱਖਿਆ ਦਸਤਿਆਂ ਨੇ ਇਕ ਲਾਸ਼ ਨੂੰ ਬਰਾਮਦ ਕਰ ਲਿਆ ਸੀ ਜਿਸ ਦੀ ਪਛਾਣ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਤਾਹਿਰ ਬਟ ਉਰਫ ਆਕਿਬ ਵਾਸੀ ਪਾਂਗਪੁਰਾ ਪੁਲਵਾਮਾ ਕਸ਼ਮੀਰ ਦੇ ਰੂਪ ਵਿਚ ਦੱਸੀ ਜਾ ਰਹੀ ਹੈ। ਤਾਹਿਰ ਬਟ ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਅੱਤਵਾਦੀ ਅਤੇ ਹਿਜ਼ਬੁਲ ਦੇ ਨਵੇਂ ਕਮਾਂਡਰ ਡਾ. ਸੈਫੁੱਲਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਸ ਮੁਕਾਬੇਲ ਵਿਚ ਇਕ ਹੋਰ ਅੱਤਵਾਦੀ ਮਸੂਦ ਬਟ ਪੁੱਤਰ ਅਬਦੁਲ ਗੰਨੀ ਵਾਸੀ ਮਾਂਜਮੀ ਡੋਡਾ ਵੀ ਮਾਰਿਆ ਗਿਆ ਹੈ ਪਰ ਅਜੇ ਉਸ ਦੀ ਲਾਸ਼ ਬਰਾਮਦ ਨਹੀਂ ਕੀਤੀ ਗਈ ਸੀ। ਜਿਸ ਦੇ ਲਈ ਮਕਾਨ ਦੇ ਮਲਬੇ ਵਿਚ ਤਲਾਸ਼ੀ ਕੀਤੀ ਜਾ ਰਹੀ ਹੈ।

ਹਿਜ਼ਬੁਲ ਮੁਜਾਹਿਦੀਨ ਨੂੰ ਵੱਡਾ ਝਟਕਾ : ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋਵੇਂ ਅੱਤਵਾਦੀ ਉਸੇ ਗਰੁੱਪ ਦੇ ਮੈਂਬਰ ਸਨ, ਜਿਨ੍ਹਾਂ ਨੇ ਕਿਸ਼ਤਵਾੜ ਵਿਚ ਆਰ.ਐਸ.ਐਸ. ਨੇਤਾ ਚੰਦਰਕਾਂਤ ਸ਼ਰਮਾ ਦੀ ਹੱਤਿਆ ਸਣੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਵਿਚ 3 ਅੱਤਵਾਦੀ ਅਸੋਮਾ ਜਾਵੇਦ, ਜ਼ਾਹਿਦ ਅਤੇ ਆਬਿਦ ਬੀਤੇ ਸਾਲ 28 ਸਤੰਬਰ ਨੂੰ ਬਟੋਤ ਵਿਚ ਹੋਏ ਮੁਕਾਬਲੇ ਵਿਚ ਮਾਰੇ ਗਏ ਸਨ ਜਦੋਂ ਕਿ ਚੌਥਾ ਅੱਤਵਾਦੀ ਹਾਰੂਨ ਅੱਬਾਸ ਵਾਨੀ ਇਸੇ ਸਾਲ 15 ਜਨਵਰੀ ਨੂੰ ਡੋਡਾ ਵਿਚ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਜੋ ਅੱਤਵਾਦੀ ਅੱਜ ਮਾਰੇ ਗਏ ਹਨ, ਉਹ ਉਸ ਦਿਨ ਮੁਕਾਬਲੇ ਵਿਚ ਸੁਰੱਖਿਅਤ ਬੱਚ ਗਏ ਸਨ ਅਤੇ ਆਖਿਰਕਾਰ ਅੱਜ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਢੇਰ ਕਰ ਦਿੱਤਾ ਹੈ। ਬੀਤੇ ਕਰੀਬ ਇਕ ਮਹੀਨੇ  ਅੰਦਰ ਹੀ ਜ਼ਿਲਾ ਡੋਡਾ ਅਤੇ ਕਿਸ਼ਤਵਾੜ ਵਿਚ ਹਿਜ਼ਬੁਲ ਮੁਜਾਹਿਦੀਨ ਦੇ 4 ਅੱਤਵਾਦੀ ਮਾਰੇ ਗਏ ਹਨ ਅਤੇ 2 ਜੀਵਤ ਫੜਣ ਦੇ ਨਾਲ ਹੀ ਅਸਲਾ ਵੀ ਬਰਾਮਦ ਕੀਤਾ ਗਿਆ ਹੈ।

Sunny Mehra

This news is Content Editor Sunny Mehra