ਅਲਵਿਦਾ ਲਤਾ ਮੰਗੇਸ਼ਕਰ: ਸਨਮਾਨ ’ਚ 2 ਦਿਨ ਦਾ ਰਾਸ਼ਟਰੀ ਸੋਗ, ਅੱਧਾ ਝੁਕਿਆ ਰਹੇਗਾ ‘ਤਿਰੰਗਾ’

02/06/2022 12:14:58 PM

ਨੈਸ਼ਨਲ ਡੈਸਕ— ਸੁਰਾਂ ਦੀ ਮਲਿਕਾ ਅਤੇ ਭਾਰਤ ਰਤਨ ਐਵਾਰਡ ਨਾਲ ਸਨਮਾਨਤ ਲਤਾ ਮੰਗੇਸ਼ਕਰ ਐਤਵਾਰ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੇ ਦਿਹਾਂਤ ਕਾਰਨ ਦੇਸ਼ ਭਰ ’ਚ ਸੋਗ ਦੀ ਲਹਿਰ ਹੈ। ਕੇਂਦਰ ਸਰਕਾਰ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ’ਤੇ ਦੇਸ਼ ’ਚ ਦੋ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਭਾਰਤ ਰਤਨ ਨਾਲ ਸਨਮਾਨਤ ਕਿਸੇ ਵੀ ਸ਼ਖਸੀਅਤ ਦੇ ਦਿਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਮੰਨਦੇ ਹੋਏ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਰਾਸ਼ਟਰੀ ਤਿਰੰਗਾ ਅੱਧਾ ਝੁਕਿਆ ਰਹੇਗਾ। ਲਤਾ ਦੀਦੀ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਹੋਵੇਗਾ। ਇਸ ਦੌਰਾਨ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਤਿਰੰਗੇ ’ਚ ਲਪੇਟਿਆ ਜਾਵੇਗਾ ਅਤੇ ਫ਼ੌਜ ਦੇ ਜਵਾਨ ਅੰਤਿਮ ਸੰਸਕਾਰ ’ਚ ਉਨ੍ਹਾਂ ਨੂੰ ਸਲਾਮੀ ਦੇਣਗੇ।

ਇਹ ਵੀ ਪੜ੍ਹੋ : ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ’ਚ ਦਿਹਾਂਤ

ਦੱਸ ਦੇਈਏ ਕਿ ਪਹਿਲਾਂ ਕੇਂਦਰ ਸਰਕਾਰ ਦੀ ਸਿਫਾਰਸ਼ ’ਤੇ ਰਾਸ਼ਟਰਪਤੀ ਰਾਸ਼ਟਰੀ ਸੋਗ ਦਾ ਐਲਾਨ ਕਰਦੇ ਸਨ ਪਰ ਹੁਣ ਸੂਬਾਈ ਸਰਕਾਰਾਂ ਵੀ ਸਰਕਾਰੀ ਸੋਗ ਦਾ ਐਲਾਨ ਕਰਦੀਆਂ ਹਨ। ਰਾਸ਼ਟਰੀ ਸੋਗ ਦੌਰਾਨ ਸੰਸਦ, ਸਕੱਤਰੇਤ, ਵਿਧਾਨ ਸਭਾ ਅਤੇ ਹੋਰ ਮਹੱਤਵਪੂਰਨ ਰਾਸ਼ਟਰੀ ਭਵਨਾਂ ਜਾਂ ਸਰਕਾਰੀ ਦਫ਼ਤਰਾਂ ’ਤੇ ਲੱਗਾ ਤਿਰੰਗਾ ਅੱਧਾ ਝੁਕਿਆ ਰਹਿੰਦਾ ਹੈ। ਇਸ ਤੋਂ ਇਲਾਵਾ ਦੇਸ਼ ਤੋਂ ਬਾਹਰ ਸਥਿਤ ਭਾਰਤੀ ਦੂਤਘਰਾਂ ’ਤੇ ਵੀ ਰਾਸ਼ਟਰੀ ਤਿਰੰਗਾ ਅੱਧਾ ਝੁਕਿਆ ਰਹਿੰਦਾ ਹੈ। ਰਾਸ਼ਟਰੀ ਸੋਗ ਦੌਰਾਨ ਕੋਈ ਸਰਕਾਰੀ ਜਾਂ ਰਸਮੀ ਪ੍ਰੋਗਰਾਮ ਦਾ ਆਯੋਜਨ ਨਹੀਂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਅਲਵਿਦਾ ਲਤਾ ਮੰਗੇਸ਼ਕਰ; PM ਮੋਦੀ ਨੇ ਕਿਹਾ- ਮੈਂ ਆਪਣਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ

ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਦਾ ਐਤਵਾਰ ਸਵੇਰੇ ਮੁੰਬਈ ਸਥਿਤ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਆਪਣੀ ਆਵਾਜ਼ ਦੇ ਜਾਦੂ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਹੁਣ ਹਮੇਸ਼ਾ ਲਈ ਜੀਵਨ ਸੰਗੀਤ ਦੀ ਸਾਧਨਾ ’ਚ ਲੀਨ ਹੋ ਗਈ। ਮੱਧ ਪ੍ਰਦੇਸ਼ ਦੇ ਇੰਦੌਰ ’ਚ 28 ਸਤੰਬਰ 1929 ਨੂੰ ਜਨਮੀ ਲਤਾ ਮੰਗੇਸ਼ਕਰ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਮਰਾਠੀ ਰੰਗ-ਮੰਚ ਨਾਲ ਜੁੜੇ ਹੋਏ ਸਨ। ਸਾਲ 1942 ’ਚ 13 ਸਾਲ ਦੀ ਛੋਟੀ ਉਮਰ ਵਿਚ ਹੀ ਲਤਾ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ’ਤੇ ਆ ਗਈ। ਲਤਾ ਦੀਦੀ, ਮੀਨਾ ਖਾਦੀਕਰ, ਆਸ਼ਾ ਭੋਂਸਲੇ, ਊਸ਼ਾ ਮੰਗੇਸ਼ਕਰ ਅਤੇ ਹਿਰਦਯਨਾਥ ਮੰਗੇਸ਼ਕਰ ਆਪਣੇ ਭਰਾ-ਭੈਣਾਂ ਤੋਂ ਸਭ ਤੋਂ ਵੱਡੀ ਸੀ। ਆਪਣੇ ਭਰਾ-ਭੈਣਾਂ ਦੇ ਬਿਹਤਰ ਭਵਿੱਖ ਲਈ ਲਤਾ ਨੇ ਵਿਆਹ ਨਹੀਂ ਕਰਵਾਇਆ ਸੀ। 

Tanu

This news is Content Editor Tanu