ਤਾਲਾਬੰਦੀ ''ਚ ਘਰੇਲੂ ਹਿੰਸਾ ਵਧੀ, ਟਵਿੱਟਰ ''ਤੇ ਛਿੜੇਗੀ ''ਚੁੱਪੀ ਤੋੜੋ'' ਦੀ ਜੰਗ

05/27/2020 10:24:50 AM

ਨਵੀਂ ਦਿੱਲੀ (ਵਾਰਤਾ)— ਦੇਸ਼ ਭਰ 'ਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ 'ਚ ਘਰੇਲੂ ਹਿੰਸਾ ਦੀਆਂ ਘਟਨਾਵਾਂ 'ਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਘਰੇਲੂ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਵਿਰੁੱਧ ਟਵਿੱਟਰ 'ਤੇ ਵੀਰਵਾਰ ਭਾਵ ਕੱਲ ਇਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ 10 ਪ੍ਰਮੁੱਖ ਸੰਗਠਨ ਮੈਰਾਥਨ ਦੀ ਤਰਜ਼ 'ਤੇ 'ਟਵੀਟਏਥੋਨ' ਸ਼ੁਰੂ ਕਰਨਗੇ, ਜੋ 'ਹੈਸ਼ਟੈਗ ਚੁੱਪੀ ਤੋੜੋ' ਅਤੇ 'ਆਖਿਰ ਕਿਉਂ?' ਦੇ ਰੂਪ 'ਚ ਹੋਵੇਗਾ। ਇਹ ਸੰਗਠਨ ਕੱਲ ਦਿਨ ਵਿਚ 3:30 ਵਜੇ ਇਕੱਠੇ ਸੈਂਕੜੇ ਟਵੀਟ ਕਰ ਕੇ ਇਹ ਸਵਾਲ ਚੁੱਕਣਗੇ ਕਿ ਤਾਲਾਬੰਦੀ 'ਚ ਜਨਾਨੀਆਂ ਵਿਰੁੱਧ ਘਰੇਲੂ ਹਿੰਸਾ ਕਿਉਂ ਵੱਧ ਰਹੀ ਹੈ। 'ਲਵ ਮੈਟਰਸ ਇੰਡੀਆ' ਨਾਮੀ ਸੰਗਠਨ ਦੀ ਪਹਿਲ 'ਤੇ ਸ਼ੁਰੂ ਹੋ ਰਹੀ ਇਸ ਮੁਹਿੰਮ ਦਾ ਮਕਸਦ ਘਰੇਲੂ ਹਿੰਸਾ 'ਚ ਵਾਧੇ ਵਿਰੁੱਧ ਲੋਕ ਵਿਚਾਲੇ ਜਾਗਰੂਕਤਾ ਸ਼ੁਰੂ ਕਰਨਾ ਹੈ।

ਲਵ ਮੈਟਰਸ ਇੰਡੀਆ ਦੀ ਮੁਖੀ ਵੀਥਿਕਾ ਯਾਦਵ ਨੇ ਬੁੱਧਵਾਰ ਨੂੰ ਇੱਥੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਇਕ 10 ਤੋਂ ਵਧੇਰੇ ਸੰਗਠਨ ਇਸ ਮੁਹਿੰਮ ਵਿਚ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ 'ਪਾਪੁਲੇਸ਼ਨ ਫਾਊਂਡੇਸ਼ਨ ਆਫ ਇੰਡੀਆ', 'ਇੰਟਰਨੈਸ਼ਨਲ ਰਿਸਰਚ ਸੈਂਟਰ ਆਨ ਵਿਮੈਨ', 'ਆਈ', 'ਬਰੇਕਥਰੂ', 'ਸ਼ਕਤੀ ਸ਼ਾਲਿਨੀ', 'ਹੈਯਾ', 'ਸੀ ਆਰ ਈ ਆਏ', ਵਰਗੇ ਸੰਗਠਨ 'ਟਵੀਟਏਥੋਨ' ਸ਼ੁਰੂ ਕਰਨਗੇ।

ਵੀਥਿਕਾ ਨੇ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਤਾਲਾਬੰਦੀ ਦੇ ਇਕ ਮਹੀਨੇ ਵਿਚ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਦੋ ਗੁਣਾ ਵਾਧਾ ਹੋਇਆ ਹੈ। ਮਹਿਲਾ ਕਮਿਸ਼ਨ ਨੇ 23 ਮਾਰਚ ਤੋਂ 16 ਅਪ੍ਰੈਲ ਤੱਕ ਘਰੇਲੂ ਹਿੰਸਾ ਦੇ 587 ਮਾਮਲੇ ਦਰਜ ਕੀਤੇ, ਜਦਕਿ 27 ਫਰਵਰੀ ਤੋਂ 22 ਮਾਰਚ ਤੱਕ 396 ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਚਿੰਤਾਜਨਕ ਹਨ। ਘਰ ਸਾਡੇ ਲਈ ਸਭ ਤੋਂ ਸੁਰੱਖਿਅਤ ਥਾਂ ਹੁੰਦਾ ਹੈ ਪਰ ਲੱਖਾਂ ਲੋਕਾਂ ਨਾਲ ਸਥਿਤੀ ਵੱਖਰੀ ਹੈ।

ਤੁਸੀਂ ਉਸ ਹਾਲਾਤ ਦੀ ਕਲਪਨਾ ਨਹੀਂ ਕਰ ਸਕਦੇ, ਜਦੋਂ ਇਕ ਆਦਮੀ ਮਜਬੂਰਨ ਘਰ 'ਚ ਰਹਿ ਰਿਹਾ ਹੋਵੇ ਅਤੇ ਉਸ ਘਰ 'ਚ ਹਿੰਸਾ, ਮਾੜੇ ਵਤੀਰੇ ਦਾ ਮਾਹੌਲ ਹੋਵੇ ਅਤੇ ਉਹ ਬਾਹਰ ਵੀ ਨਾ ਜਾ ਸਕਦਾ ਹੋਵੇ। ਉਸ ਦੀ ਨਿਰਾਸ਼ਾ ਨੂੰ ਸਮਝੋ। ਇਹ ਘਰੇਲੂ ਹਿੰਸਾ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੰਗਠਨਾਂ ਨੂੰ ਹੀ ਨਹੀਂ ਸਗੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਵੀਟ ਕਰ ਕੇ ਆਪਣੇ ਵਿਚਾਰ ਸਾਂਝੇ ਕਰਨ। ਇਸ ਸਵਾਲ ਨੂੰ ਚੁੱਕਣ ਅਤੇ ਇਸ ਹਿੰਸਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ। ਆਪਣੀ ਹਿੰਸਾ ਦੀਆਂ ਕਹਾਣੀਆਂ ਨੂੰ ਆਪਣੇ ਅਨੁਭਵਾਂ ਨੂੰ ਲਿਖੋ।

Tanu

This news is Content Editor Tanu