ਭਾਰਤ ਜੋੜੋ ਯਾਤਰਾ ''ਚ ਰਾਹੁਲ ਨਾਲ ਸ਼ਾਮਲ ਹੋਏ ਤੂਸ਼ਾਰ ਗਾਂਧੀ, ਕਾਂਗਰਸ ਨੇ ਇਸ ਨੂੰ ਦੱਸਿਆ ''ਇਤਿਹਾਸਕ''

11/18/2022 12:19:38 PM

ਸ਼ੇਗਾਂਵ (ਭਾਸ਼ਾ)- ਮਹਾਤਮਾ ਗਾਂਧੀ ਦੇ ਪੜਪੋਤਰੇ ਤੂਸ਼ਾਰ ਗਾਂਧੀ ਸ਼ੁੱਕਰਵਾਰ ਨੂੰ ਸਵੇਰੇ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਂਵ 'ਚ 'ਭਾਰਤ ਜੋੜੋ ਯਾਤਰਾ' 'ਚ ਰਾਹੁਲ ਗਾਂਧੀ ਨਾਲ ਸ਼ਾਮਲ ਹੋਏ ਅਤੇ ਕਾਂਗਰਸ ਨੇ ਉਨ੍ਹਾਂ ਦੀ ਹਿੱਸੇਦਾਰੀ ਨੂੰ 'ਇਤਿਹਾਸਕ' ਦੱਸਿਆ। 7 ਨਵੰਬਰ ਨੂੰ ਮਹਾਰਾਸ਼ਟਰ ਤੋਂ ਹੋ ਕੇ ਜਾ ਰਹੀ ਯਾਤਰਾ ਸਵੇਰੇ ਕਰੀਬ 6 ਵਜੇ ਅਕੋਲਾ ਜ਼ਿਲ੍ਹੇ ਦੇ ਬਾਲਾਪੁਰ ਤੋਂ ਮੁੜ ਸ਼ੁਰੂ ਹੋਈ ਅਤੇ ਕੁਝ ਘੰਟਿਆਂ ਬਾਅਦ ਸ਼ੇਗਾਂਵ ਪਹੁੰਚੀ, ਜਿੱਥੇ ਲੇਖਕ ਅਤੇ ਵਰਕਰ ਤੂਸ਼ਾਰ ਗਾਂਧੀ ਇਸ 'ਚ ਸ਼ਾਮਲ ਹੋਏ। ਵੀਰਵਾਰ ਨੂੰ ਇਕ ਟਵੀਟ 'ਚ ਤੂਸ਼ਾਰ ਗਾਂਧੀ ਨੇ ਕਿਹਾ ਸੀ ਕਿ ਸ਼ੇਗਾਂਵ ਉਨ੍ਹਾਂ ਦਾ ਜਨਮ ਸਥਾਨ ਹੈ। ਉਨ੍ਹਾਂ ਨੇ ਪੋਸਟ 'ਚ ਕਿਹਾ ਸੀ,''ਮੈਂ 18 ਤਾਰੀਖ਼ ਨੂੰ ਸ਼ੇਗਾਂਵ 'ਚ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਵਾਂਗਾ। ਸ਼ੇਗਾਂਵ ਮੇਰਾ ਜਨਮ ਸਟੇਸ਼ਨ ਵੀ ਹੈ। ਮੇਰੀ ਮਾਂ ਜਿਸ ਰੇਲ ਗੱਡੀ 'ਚ ਸਫ਼ਰ ਕਰ ਰਹੀ ਸੀ, 1 ਡੀਐੱਨ, ਹਾਵੜਾ ਮੇਲ ਵਾਇਆ ਨਾਗਪੁਰ, ਉਹ 17 ਜਨਵਰੀ 1960 ਨੂੰ ਸ਼ੇਗਾਂਵ ਸਟੇਸ਼ਨ ਰੁਕੀ ਸੀ, ਜਦੋਂ ਮੇਰਾ ਜਨਮ ਹੋਇਆ।''

ਕਾਂਗਰਸ ਨੇ ਯਾਤਰਾ 'ਚ ਤੂਸ਼ਾਰ ਗਾਂਧੀ ਦੇ ਸ਼ਾਮਲ ਹੋਣ ਨੂੰ ਇਤਿਹਾਸਕ ਦੱਸਿਆ। ਪਾਰਟੀ ਨੇ ਰਾਹੁਲ ਗਾਂਧੀ ਅਤੇ ਤੂਸ਼ਾਰ ਗਾਂਧੀ ਨੂੰ, ਜਵਾਹਰਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਪੜਪੋਤਰਿਆਂ ਨੂੰ, ਦੋਵੇਂ ਮਰਹੂਮ ਨੇਤਾਵਾਂ ਦੀ ਵਿਰਾਸਤ ਦੇ ਵਾਹਕ ਵਜੋਂ ਦਰਸਾਇਆ। ਪਾਰਟੀ ਨੇ ਇਕ ਬਿਆਨ 'ਚ ਕਿਹਾ,''ਦੋਹਾਂ ਦਾ ਇਕੱਠੇ ਤੁਰਨਾ ਸ਼ਾਸਕਾਂ ਲਈ ਇਕ ਸੰਦੇਸ਼ ਹੈ ਕਿ ਉਹ ਲੋਕਤੰਤਰ ਨੂੰ ਖ਼ਤਰੇ 'ਚ ਪਾ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਨੂੰ ਖ਼ਤਮ ਨਹੀਂ ਕਰਨ ਦਿੱਤਾ ਜਾਵੇਗਾ।'' ਤੂਸ਼ਾਰ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਵਾਸਨਿਕ, ਦੀਪੇਂਦਰ ਹੁੱਡਾ, ਮਿਲਿੰਦ ਦੇਵੜਾ, ਮਾਣਿਕਰਾਵ ਠਾਕਰੇ, ਮੁੰਬਈ ਕਾਂਗਰਸ ਪ੍ਰਧਾਨ ਭਾਈ ਜਗਤਾਪ ਅਤੇ ਪਾਰਟੀ ਦੀ ਰਾਜ ਇਕਾਈ ਦੇ ਮੁਖੀ ਨਾਨਾ ਪਟੋਲੇ ਰਾਹੁਲ ਗਾਂਧੀ ਨਾਲ ਯਾਤਰਾ 'ਚ ਸ਼ਾਮਲ ਹੋਏ। ਰਾਹੁਲ ਗਾਂਧੀ ਅੱਜ ਸ਼ਾਮਲ ਸ਼ੇਗਾਂਵ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਵਾਲੇ ਹਨ। ਭਾਰਤ ਜੋੜੋ ਯਾਤਰਾ ਮਹਾਰਾਸ਼ਟਰ 'ਚ ਆਪਣੇ ਅੰਤਿਮ ਪੜ੍ਹਾਅ 'ਚ ਹੈ ਅਤੇ 20 ਨਵੰਬਰ ਨੂੰ ਮੱਧ ਪ੍ਰਦੇਸ਼ 'ਚ ਪ੍ਰਵੇਸ਼ ਕਰੇਗੀ।

DIsha

This news is Content Editor DIsha