US 'ਚ ਮੰਚ ਸਾਂਝਾ ਕਰਨਗੇ ਮੋਦੀ-ਟਰੰਪ, 'Howdy Modi' ਇਵੈਂਟ 'ਚ ਪੁੱਜਣਗੇ 50,000 ਲੋਕ

09/16/2019 9:09:04 AM

ਹਿਊਸਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ 'ਤੇ ਜਾਣ ਵਾਲੇ ਹਨ। ਉਹ ਉਥੇ ਭਾਰਤੀ-ਅਮਰੀਕੀਆਂ ਦੇ ਇਕ ਪ੍ਰੋਗਰਾਮ 'ਹਾਉਡੀ ਮੋਦੀ' ਨੂੰ 22 ਸਤੰਬਰ ਨੂੰ ਸੰਬੋਧਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ 'ਚ ਭਾਗ ਲੈਣ ਲਈ ਘੱਟ ਤੋਂ ਘੱਟ 50,000 ਭਾਰਤੀ-ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 8000 ਲੋਕ ਵੇਟਿੰਗ ਲਿਸਟ 'ਚ ਹਨ। ਇਸ ਪ੍ਰੋਗਰਾਮ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ, ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਵਲੋਂ ਕਰ ਦਿੱਤੀ ਗਈ ਹੈ। ਟਰੰਪ ਵੀ ਇਸ ਮੌਕੇ ਭਾਰਤੀ-ਅਮਰੀਕੀਆਂ ਨੂੰ ਸੰਬੋਧਤ ਕਰਨਗੇ।

ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵੇਂ ਦੇਸ਼ ਕਈ ਵਪਾਰਕ ਐਲਾਨ ਕਰਨਗੇ। ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸ਼ਾਮਲ ਹੋਣਾ ਪਾਕਿਸਤਾਨ ਲਈ ਝਟਕਾ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਲੈਣ ਤੋਂ ਪਹਿਲਾਂ ਹਿਊਸਟਨ ਦਾ ਦੌਰਾ ਕਰਨਗੇ। ਤੁਹਾਨੂੰ ਦੱਸ ਦਈਏ ਕਿ ਹਾਉਡੀ ਦਾ ਮਤਲਬ 'ਹਾਓ ਡੂ ਯੂ ਡੂ' ਹੈ, ਭਾਵ ਤੁਸੀਂ ਕਿਵੇਂ ਹੋ?

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਿਨੀ ਗ੍ਰਿਸ਼ੇਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੋਦੀ-ਟਰੰਪ ਦੀ ਸਾਂਝੀ ਰੈਲੀ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਣਗੇ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਹੋਵੇਗਾ ਜਦ ਹਜ਼ਾਰਾਂ ਅਮਰੀਕੀ ਅਤੇ ਭਾਰਤੀ ਇਕ ਹੀ ਥਾਂ 'ਤੇ ਇਕੱਠੇ ਹੋਣਗੇ। ਉੱਥੇ ਹੀ ਅਮਰੀਕਾ 'ਚ ਭਾਰਤੀ ਅੰਬੈਸਡਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਡੋਨਾਲਡ ਟਰੰਪ ਦਾ ਇਸ ਇਵੈਂਟ 'ਚ ਸ਼ਾਮਲ ਹੋਣਾ ਇਤਿਹਾਸਕ ਹੈ। ਇਹ ਭਾਰਤ ਤੇ ਅਮਰੀਕਾ ਦੀ ਮਜ਼ਬੂਤ ਦੋਸਤੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ।

ਤੁਹਾਨੂੰ ਦੱਸ ਦਈਏ ਕਿ ਪੋਪ ਫਰਾਂਸਿਸ ਦੇ ਬਾਅਦ ਅਮਰੀਕਾ 'ਚ ਪਹਿਲੀ ਵਾਰ ਕਿਸੇ ਵਿਦੇਸ਼ੀ ਲੀਡਰ ਲਈ ਸਭ ਤੋਂ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ। 22 ਸਤੰਬਰ ਨੂੰ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ 'ਚ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ 'ਚ 50 ਤੋਂ ਜ਼ਿਆਦਾ ਅਮਰੀਕੀ ਸੰਸਦ ਮੈਂਬਰ ਵੀ ਸ਼ਾਮਲ ਹੋ ਸਕਦੇ ਹਨ। ਪੀ. ਐੱਮ. ਮੋਦੀ ਦੇ ਦੋਬਾਰਾ ਜਿੱਤ ਕੇ ਸੱਤਾ 'ਚ ਆਉਣ ਦੇ ਬਾਅਦ ਅਮਰੀਕਾ 'ਚ ਇਹ ਪਹਿਲਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਮੋਦੀ ਲਈ ਮੈਡੀਸਨ ਸਕੁਆਇਰ ਗਾਰਡਨ ਅਤੇ ਕੈਲੀਫੋਰਨੀਆ 'ਚ ਸਿਲੀਕਾਨ ਵੈਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਨ੍ਹਾਂ 'ਚ ਜਿੰਨੇ ਲੋਕ ਪੁੱਜੇ ਸਨ ਉਸ ਤੋਂ ਦੋਗੁਣੇ ਲੋਕ ਇਸ ਪ੍ਰੋਗਰਾਮ 'ਚ ਪੁੱਜ ਰਹੇ ਹਨ। ਹਾਉੜੀ ਮੋਦੀ ਪ੍ਰੋਗਰਾਮ ਦਾ ਥੀਮ 'ਸ਼ੇਅਰਡ ਡ੍ਰੀਮਜ਼ ਐਂਡ ਬ੍ਰਾਈਟ ਫਿਊਚਰ: ਇੰਡੀਆ ਅਮਰੀਕਾ ਸਟੋਰੀ' ਹੈ।