ਟਰੰਪ ਦੀ ਭਾਰਤ ਫੇਰੀ ਚਮਕਾਵੇਗੀ ਯਮੁਨਾ ਨਦੀ

02/19/2020 12:01:30 AM

ਵਾਸ਼ਿੰਗਟਨ-ਆਗਰਾ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਉਹ ਪਤਨੀ ਮੇਲਾਨੀਆ ਦੇ ਨਾਲ ਆਗਰਾ ਵਿਚ ਤਾਜ ਮਹਿਲ ਦਾ ਦੀਦਾਰ ਕਰਨ ਜਾ ਸਕਦੇ ਹਨ। ਅਜਿਹੇ ਵਿਚ ਯਮੁਨਾ ਵਿਚ ਪਾਣੀ ਛੱਡਿਆ ਜਾਵੇਗਾ। ਯਮੁਨਾ ਨੂੰ ਸਵੱਛ ਬਣਾਉਣ ਲਈ ਗੰਗ ਨਹਿਰ ਤੋਂ ਇਹ ਪਾਣੀ ਦਿੱਤਾ ਜਾਵੇਗਾ।

ਉੱਤਰ ਪ੍ਰਦੇਸ਼ ਸਿੰਚਾਈ ਵਿਭਾਗ ਦੇ ਸੁਪਰਡੰਟ ਅਭਿਯੰਤਾ ਧਰਮਿੰਦਰ ਸਿੰਘ ਫੋਗਾਟ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਦੇ ਆਗਰਾ ਦੌਰੇ ਨੂੰ ਦੇਖਦੇ ਹੋਏ ਯਮੁਨਾ ਨਦੀ ਦੀ ਸਥਿਤੀ ਵਿਚ ਸੁਧਾਰ ਲਈ ਮਾਂਟ ਨਹਿਰ ਦੇ ਰਸਤੇ 500 ਕਿਊਸੇਕ ਗੰਗਾ ਦਾ ਪਾਣੀ ਮਥੁਰਾ ਵਿਚ ਛੱਡਿਆ ਗਿਆ ਹੈ। ਇਹ ਪਾਣੀ ਅਗਲੇ 3 ਦਿਨ ਵਿਚ ਮਥੁਰਾ ਅਤੇ ਉਸ ਦੇ 24 ਘੰਟਿਆਂ ਬਾਅਦ 21 ਫਰਵਰੀ ਨੂੰ ਦੁਪਹਿਰ ਤੱਕ ਆਗਰਾ ਪਹੁੰਚੇਗਾ। ਫੋਗਾਟ ਨੇ ਆਖਿਆ ਕਿ ਵਿਭਾਗ ਦੀਆਂ ਕੋਸ਼ਿਸ਼ਾਂ ਹਨ ਕਿ ਗੰਗਾ ਜਲ ਦੀ ਇਹ ਯਾਤਰਾ ਯਮੁਨਾ ਵਿਚ 24 ਫਰਵਰੀ ਤੱਕ ਨਿਰੰਤਰ ਬਣੀ ਰਹੇ।

ਨਹੀਂ ਆਵੇਗੀ ਬਦਬੂ
ਪ੍ਰਸ਼ਾਸਨ ਦੇ ਇਸ ਕਦਮ 'ਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਵਿਭਾਗ ਦੇ ਸਹਾਇਕ ਅਭਿਯੰਤਾ ਡਾਕਟਰ ਅਰਵਿੰਦ ਕੁਮਾਰ ਨੇ ਦੱਸਿਆ, ਜੇਕਰ ਆਗਰਾ ਵਿਚ ਯਮੁਨਾ ਨਦੀ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 500 ਕਿਊਸੇਕ ਗੰਗਾ ਜਲ ਛੱਡਿਆ ਗਿਆ ਹੈ ਤਾਂ ਉਹ ਨਿਸ਼ਚਤ ਰੂਪ ਤੋਂ ਪ੍ਰਭਾਵ ਪਾਵੇਗਾ। ਮਥੁਰਾ ਦੇ ਨਾਲ-ਨਾਲ ਆਗਰਾ ਵਿਚ ਵੀ ਯਮੁਨਾ ਨਦੀ ਵਿਚ ਘੁਲੇ ਆਕਸੀਜਨ ਦੀ ਮਾਤਰਾ ਵਧੇਗੀ ਅਤੇ ਬਾਇਓਲਾਜ਼ਿਕਲ ਆਕਸੀਜ਼ਨ ਡਿਮਾਂਡ ਅਤੇ ਕੈਮੀਕਲ ਆਕਸਜੀਨ ਡਿਮਾਂਡ ਦੀ ਮਾਤਰਾ ਵਿਚ ਕਮੀ ਆਵੇਗੀ। ਇੰਨਾ ਹੋਣ 'ਤੇ ਯਮੁਨਾ ਦਾ ਪਾਣੀ ਪੀਣ ਯੋਗ ਬੇਸ਼ੱਕ ਹੀ ਨਾ ਹੋ ਪਾਵੇ ਪਰ ਉਸ ਦੇ ਬਦਬੂ ਵਿਚ ਤਾਂ ਕਮੀ ਹੋਣ ਦੀ ਉਮੀਦ ਕਰ ਸਕਦੇ ਹਨ।

150 ਮਿੰਟ ਅਹਿਮਦਾਬਾਦ ਵਿਚ ਰਹਿਣਗੇ ਟਰੰਪ
ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਵੀ ਰਹੇਗੀ। ਟਰੰਪ ਸਿੱਧੇ ਅਹਿਮਦਾਬਾਦ ਏਅਰਪੋਰਟ ਪਹੁੰਚਣਗੇ। ਇਥੇ ਪੀ. ਐਮ. ਮੋਦੀ ਉਨ੍ਹਾਂ ਦਾ ਸਵਾਗਤ ਕਰਨਗੇ। ਜ਼ਿਕਰਯੋਗ ਹੈ ਕਿ ਇਥੇ ਉਨ੍ਹਾਂ ਦਾ ਕਰੀਬ 150 ਮਿੰਟ ਦਾ ਪ੍ਰ੍ਰੋਗਰਾਮ ਹੈ। ਟਰੰਪ ਏਅਰਪੋਰਟ ਤੋਂ ਸਿੱਧੇ ਸਾਬਰਮਤੀ ਆਸ਼ਰਮ ਜਾਣਗੇ। ਇਥੋਂ ਬਾਅਦ ਉਹ ਇੰਡੀਆ ਰੋਡ ਸ਼ੋਅ ਕਰਦੇ ਹੋਏ ਮੋਟੇਰਾ ਸਟੇਡੀਅਮ ਪਹੁੰਚਣਗੇ। ਇਥੇ ਪੀ. ਐਮ. ਮੋਦੀ ਅਤੇ ਟਰੰਪ ਨਮਸਤੇ ਟਰੰਪ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਦਿੱਲੀ ਆਉਣਗੇ। ਜ਼ਿਕਰਯੋਗ ਹੈ ਕਿ ਅਗਲੇ ਦਿਨ ਉਹ ਆਗਰਾ ਵਿਚ ਤਾਜ ਮਹਿਲ ਦਾ ਵੀ ਦੀਦਾਰ ਕਰ ਸਕਦੇ ਹਨ।

Khushdeep Jassi

This news is Content Editor Khushdeep Jassi