Truecaller ਦਾ ਵੱਡਾ ਸਕੈਮ! ਯੂਜ਼ਰਜ਼ ਨੂੰ ਬਿਨਾਂ ਦੱਸੇ ਕਰਵਾਇਆ UPI ਰਜਿਸਟਰ

07/30/2019 6:15:06 PM

ਗੈਜੇਟ ਡੈਸਕ– ਡਾਟਾ ਬ੍ਰੀਚ ਦੀਆਂ ਖਬਰਾਂ ਅੱਜ-ਕੱਲ ਆਮ ਹੋ ਗਈਆਂ ਹਨ। ਇਸ ਵਿਚਕਾਰ ਸਮਾਰਟਫੋਨਜ਼ ਦੀ ਪ੍ਰਸਿੱਧ ਐਪ Truecaller ਨੂੰ ਲੈ ਕੇ ਵੀ ਡਾਟਾ ਬ੍ਰੀਚ ਦੀ ਜਾਣਕਾਰੀ ਮਿਲ ਰਹੀ ਹੈ। ਢੇਰਾਂ ਟਵਿਟਰ ’ਤੇ ਇਹ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਸਮਾਰਟਫੋਨਜ਼ ਤੋਂ Truecaller ਦੁਆਰਾ ਬਿਨਾਂ ਉਨ੍ਹਾਂ ਦੀ ਮਨਜ਼ੂਰੀ ਦੇ UPI ਰਜਿਸਟ੍ਰੇਸ਼ਨ ਲਈ SMS ਕੀਤਾ ਜਾ ਰਿਹਾ ਹੈ। 

ਟਵਿਟਰ ’ਤੇ ਸ਼ਿਕਾਇਤ ਕਰਨ ਵਾਲੇ ਯੂਜ਼ਰਜ਼ ਦੀ ਹੜ੍ਹ ਆ ਗਿਆ ਹੈ। ਟਵਿਟਰ ’ਤੇ ਇਕ ਯੂਜ਼ਰ ਨੇ ਲਿਖਿਆ ਹੈ ਕਿ ਸਵੇਰੇ ਉੱਠ ਕੇ ਜਦੋਂ ਮੈਂ ਆਪਣਾ ਐਂਡਰਾਇਡ ਫੋਨ ਚੈੱਕ ਕੀਤਾ ਤਾਂ Truecaller ਐਪ ਅਪਡੇਟ ਹੋ ਚੁੱਕੀ ਸੀ, ਨਾਲ ਹੀ ਅਜਿਹੀਆਂ ਹੀ ਕੁਝ ਐਪਸ ਹੋਰ ਵੀ ਅਪਡੇਟ ਹੋਈਆਂ ਸਨ। ਅਪਡੇਟ ਹੋਣ ਦੇ ਤੁਰੰਤ ਬਾਅਦ ਐਪ ਨੇ ਮੇਰੇ ਫੋਨ ’ਚੋਂ ਕਿਸੇ ਅਣਜਾਣ ਨੰਬਰ ਨੂੰ ਐਨਕ੍ਰਿਪਟਿਡ SMS ਕੀਤਾ ਸੀ, ਜਿਸ ਦੇ ਤੁਰੰਤ ਬਾਅਦ ICICI ਬੈਂਕ ਵਲੋਂ ਮੈਨੂੰ SMS ਮਿਲਿਆ।

ਯੂਜ਼ਰ ਨੇ ਅੱਗੇ ਦੱਸਿਆ ਹੈ ਕਿ ਜੋ ਮੈਸੇਜ ਮੈਨੂੰ ਮਿਲਿਆ, ਉਸ ਵਿਚ ਲਿਖਿਆ ਸੀ- ‘ਯੂ.ਪੀ.ਆਈ. ਲਈ ਤੁਹਾਡਾ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ।’ ਯੂਜ਼ਰ ਇਸ ਦੇ ਅੱਗੇ ਦੱਸਦਾ ਹੈ ਕਿ ICICI ਬੈਂਕ ਦੇ ਨਾਲ ਮੇਰਾ ਕੋਈ ਅਕਾਊਂਟ ਹੀ ਨਹੀਂ ਹੈ ਪਰ Truecaller ਨੇ ਆਪਣੀ ਯੂ.ਪੀ.ਆਈ. ਬੇਸਡ ਪੇਮੈਂਟ ਸਰਵਿਸ ਲਈ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦਾ ਮਤਲਬ ਸਾਫ ਹੈ ਕਿ Truecaller ਦੁਆਰਾ ਯੂਜ਼ਰ ਦੀ ਮਨਜ਼ੂਰੀ ਲਏ ਬਿਨਾਂ ਹੀ ਯੂ.ਪੀ.ਆਈ. ਰਜਿਸਟ੍ਰੇਸ਼ਨ ਕਰਵਾਇਆ ਜਾ ਰਿਹਾ ਹੈ। 

 

ਟਵਿਟਰ ’ਤੇ ਇਸੇ ਘਟਨਾ ਦਾ ਜ਼ਿਕਰ ਢੇਰਾਂ ਯੂਜ਼ਰਜ਼ ਦੁਆਰਾ ਕੀਤਾ ਜਾ ਰਿਹਾ ਹੈ। ਨਾਲ ਹੀ ਯੂਜ਼ਰਜ਼ NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ) ਨੂੰ ਘਟਨਾ ਬਾਰੇ ਜਾਣੂ ਕਰਵਾਉਣ ਲਈ ਟੈਗ ਵੀ ਕਰ ਰਹੇ ਹਨ। ਨਾਲ ਹੀ ਯੂਜ਼ਰਜ਼ ਦੁਆਰਾ Truecaller ਨੂੰ ਅਨਇੰਸਟਾਲ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। 

 

 

Truecaller ਨੇ ਆਪਣੇ ਬਚਾਅ ’ਚ ਦਿੱਤਾ ਇਹ ਬਿਆਨ
Truecaller ਨੇ ਇਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਅਸੀਂ Truecaller ਦੇ ਲੇਟੈਸਟ ਅਪਡੇਟ ’ਚ ਇਕ ਬਗ ਪਾਇਆ ਹੈ ਜੋ ਪੇਮੈਂਟ ਫੀਚਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਖੁਦ ਹੀ ਇਸ ਲਈ ਰਜਿਸਟਰ ਕਰ ਰਿਹਾ ਹੈ। ਇਹ ਇਕ ਬਗ ਸੀ ਅਤੇ ਇਸ ਨੂੰ ਅਸੀਂ ਫਿਕਸ ਕਰ ਦਿੱਤਾ ਹੈ, ਹੁਣ ਕੋਈ ਵੀ ਯੂਜ਼ਰਜ਼ ਇਸ ਤੋਂ ਪ੍ਰਭਾਵਿਤ ਨਹੀਂ ਹੋਣਗੇ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਹ ਵਰਜਨ ਸਾਡੇ ਕੁਆਲਿਟੀ ਸਟੈਂਡਰਡ ਨੂੰ ਮੈਚ ਨਹੀਂ ਕਰ ਪਾਇਆ। ਅਸੀਂ ਕਵਿਕ ਫਿਕਸ ਕੀਤਾ ਹੈ ਅਤੇ ਇਕ ਨਵੇਂ ਵਰਜਨ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਜੋ ਯੂਜ਼ਰਜ਼ ਇਸ ਤੋਂ ਪ੍ਰਭਾਵਿਤ ਹਨ ਉਹ ਜਲਦੀ ਹੀ ਆਪਣੀ ਐਪ ਅਪਡੇਟ ਕਰ ਲੈਣ। ਇਸ ਦੇ ਨਾਲ ਯੂਜ਼ਰਜ਼ ਮੈਨਿਊ ’ਚ ਜਾ ਕੇ ਡੀ-ਰਜਿਸਟਰ ਕਰ ਸਕਦੇ ਹਨ।