ਅੱਜ ਤਾਜ ਮਹਿਲ ਦਾ ਦੀਦਾਰ ਕਰਨਗੇ ਟਰੂਡੋ, ਲੋਕਾਂ ਨੂੰ ਨਹੀਂ ਮਿਲੇਗੀ ਐਂਟਰੀ

02/18/2018 12:13:38 PM

ਜਲੰਧਰ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ (ਐਤਵਾਰ ਨੂੰ) ਤਾਜ ਮਹਿਲ ਦਾ ਦੀਦਾਰ ਕਰਨ ਆ ਰਹੇ ਹਨ। ਉਹ ਸਵੇਰੇ 9:40 ਤੋਂ 11:40 ਤੱਕ ਤਾਜ ਮਹਿਲ ਦਾ ਦੀਦਾਰ ਕਰਨਗੇ। ਜਿਸ ਕਾਰਨ ਆਮ ਸੈਲਾਨੀਆਂ ਲਈ ਤਾਜ ਮਹਿਲ 'ਚ ਐਂਟਰੀ ਬੰਦ ਰਹੇਗੀ। ਜਾਣਕਾਰੀ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਵਫਦ ਦੇ ਨਾਲ ਤਾਜ ਮਹਿਲ ਦੇਖਣ ਆਉਣਗੇ। ਸਵੇਰੇ 9:40 ਵਜੇ ਤੋਂ 11:40 ਤੱਕ ਤਾਜ ਮਹਿਲਾ ਦਾ ਐਂਟਰੀ ਗੇਟ ਬੰਦ ਕਰ ਦਿੱਤਾ ਜਾਵੇਗਾ।
ਤਾਜ ਮਹਿਲ ਦੀਆਂ ਟਿਕਟਾਂ ਲੈਣ ਵਾਲੀਆਂ ਖਿੜਕੀਆਂ ਨੂੰ 1 ਘੰਟੇ ਪਹਿਲਾਂ ਮਤਲਬ 8:40 ਵਜੇ ਹੀ ਬੰਦ ਕਰ ਦਿੱਤਾ ਜਾਵੇਗਾ। ਦੁਪਹਿਰ 'ਚ 11:40 ਤੱਕ ਜਾਂ ਕੈਨੇਡੀਆਈ ਪ੍ਰਧਾਨ ਮੰਤਰੀ ਦੇ ਵਾਪਸ ਜਾਣ ਤੱਕ ਤਾਜ ਮਹਿਲ ਬੰਦ ਰਹੇਗਾ। ਐਤਵਾਰ ਹੋਣ ਕਾਰਨ ਪ੍ਰਧਾਨ ਮੰਤਰੀ ਟਰੂਡੋ ਦਾ ਇਹ ਦੌਰਾ ਆਮ ਸੈਲਾਨੀਆਂ ਨੂੰ ਪਰੇਸ਼ਾਨ ਕਰੇਗਾ। ਸਵੇਰੇ ਤਾਜ ਜਿਸ ਸਮੇਂ ਤੋਂ ਬੰਦ ਕਰ ਦਿੱਤਾ ਜਾਵੇਗਾ, ਉਸ ਸਮੇਂ ਲੋਕ ਗੱਡੀਆਂ ਅਤੇ ਟਰੇਨਾਂ ਰਾਹੀਂ ਇਸ ਦਾ ਦੀਦਾਰ ਕਰਨ ਲਈ ਇਥੇ ਪਹੁੰਚਦੇ ਹਨ। ਇਸ ਤੋਂ ਇਲਾਨਾ ਐਕਸਪ੍ਰੈਸ ਵੇਅ ਤੋਂ ਵੀ ਸੈਲਾਨੀ ਉਸ ਸਮੇਂ ਆਗਰਾ ਪਹੁੰਚਦੇ ਹਨ। ਤਾਜ ਦੇ ਗੇਟਾਂ 'ਤੇ ਇਨ੍ਹਾਂ ਸੈਲਾਨੀਆਂ ਦੇ ਪਹੁੰਚਣ ਨਾਲ ਭੀੜ ਲੱਗ ਜਾਵੇਗੀ। ਜੇ ਕਿਤੇ ਉਨ੍ਹਾਂ ਦਾ ਆਗਰਾ ਦੌਰਾ ਥੋੜਾ ਲੇਟ ਹੋ ਜਾਂਦਾ ਹੈ ਤਾਂ ਸੈਲਾਨੀਆਂ ਨੂੰ ਦੁਪਹਿਰ 1 ਵਜੇ ਤੱਕ ਪਰੇਸ਼ਾਨ ਹੋਣਾ ਪੈ ਸਕਦਾ ਹੈ।
ਕੈਨੇਡੀਆਈ ਪ੍ਰਧਾਨ ਮੰਤਰੀ ਦੇ ਤਾਜ ਦੀਦਾਰ ਲਈ ਸਮਾਰਕ 2 ਘੰਟੇ ਸਵੇਰੇ ਬੰਦ ਰਹੇਗੀ। ਇਸ ਜਾਣਕਾਰੀ ਤੋਂ ਬਾਅਦ ਟੂਰ ਅਪਰੇਟਰਾਂ ਨੇ ਗਰੁੱਪ ਦੇ ਪ੍ਰੋਗਰਾਮਾਂ 'ਚ ਬਦਲਾਅ ਕੀਤਾ ਹੈ। ਜਿਸ ਕਾਰਨ ਉਹ ਦਿੱਲੀ ਤੋਂ ਸਵੇਰੇ ਆਗਰਾ ਆਉਣ ਵਾਲੇ ਸੈਲਾਨੀਆਂ ਨੂੰ ਪਹਿਲਾਂ ਆਗਰਾ ਕਿਲ੍ਹਾ ਅਤੇ ਫਤਿਹਪੁਰ ਸਿਕਰੀ ਦਿਖਾਉਗੇ। ਫਿਰ ਦੁਪਹਿਰ 'ਚ ਟਰੂਡੋ ਦੇ ਵਾਪਸ ਜਾਣ ਤੋਂ ਬਾਅਦ ਉਹ ਸੈਲਾਨੀ ਤਾਜ ਮਹਿਲ ਦਾ ਦੀਦਾਰ ਕਰ ਪਾਉਣਗੇ।
ਜ਼ਿਕਰਯੋਗ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਯਾਹੂ ਦੇ ਆਗਰਾ ਦੌਰੇ ਦੌਰਾਨ ਤਾਜ ਮਹਿਲ ਕਰੀਬ 5 ਘੰਟਿਆਂ ਲਈ ਬੰਦ ਕੀਤਾ ਗਿਆ ਸੀ।