ਗੁਜਰਾਤ ਦੇ ਇਸ ਪ੍ਰਸਿੱਧ ਮੰਦਰ ''ਚ ਮੱਥਾ ਟੇਕਣ ਜਾਣਗੇ ਕੈਨੇਡੀਅਨ ਪੀ. ਐੱਮ. ਟਰੂਡੋ

02/17/2018 11:38:54 AM

ਗੁਜਰਾਤ/ ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਭਾਵ ਸ਼ਨੀਵਾਰ ਨੂੰ ਭਾਰਤ ਪੁੱਜਣਗੇ, ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਟਰੂਡੋ ਦੀ ਪਹਿਲੀ ਭਾਰਤ ਫੇਰੀ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀ ਹੈ। ਸੂਤਰਾਂ ਮੁਤਾਬਕ ਟਰੂਡੋ 19 ਫਰਵਰੀ ਨੂੰ ਗੁਜਰਾਤ ਜਾਣਗੇ ਅਤੇ ਰਾਜਧਾਨੀ ਗਾਂਧੀਨਗਰ 'ਚ ਸਥਿਤ ਵਿਸ਼ਾਲ ਮੰਦਰ 'ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ' 'ਚ ਮੱਥਾ ਟੇਕਣਗੇ। ਟਰੂਡੋ ਇੱਥੇ ਲਗਭਗ 40 ਮਿੰਟਾਂ ਤਕ ਰੁਕਣਗੇ। 


ਅਕਸ਼ਰਧਾਮ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਟਰੂਡੋ ਮੰਦਰ 'ਚ ਸਵੇਰੇ 11.40 'ਤੇ ਪੁੱਜਣਗੇ ਅਤੇ ਇੱਥੇ 40 ਕੁ ਮਿੰਟਾਂ ਤਕ ਰੁਕਣਗੇ। ਉਨ੍ਹਾਂ ਦੱਸਿਆ ਕਿ ਮੰਦਰ ਪ੍ਰਬੰਧਕ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਮੰਦਰ 'ਚ ਆਉਣ ਦੀ ਗੱਲ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਹੋ ਰਹੀਆਂ ਹਨ।  

ਇਸ ਤੋਂ ਇਲਾਵਾ ਟਰੂਡੋ ਅਹਿਮਦਾਬਾਦ 'ਚ ਭਾਰਤੀ ਪ੍ਰਬੰਧਨ ਸੰਸਥਾਨ 'ਚ ਬਤੌਰ ਖਾਸ ਮਹਿਮਾਨ ਭਾਸ਼ਣ ਦੇਣਗੇ। ਉਹ ਸਾਬਰਮਤੀ ਆਸ਼ਰਮ ਵੀ ਜਾਣਗੇ, ਜਿੱਥੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ 12 ਸਾਲ ਬਤੀਤ ਕੀਤੇ ਸਨ। 
ਪਰਿਵਾਰ ਸਮੇਤ ਭਾਰਤ ਪੁੱਜ ਰਹੇ ਟਰੂਡੋ ਦਾ ਇਹ ਪਹਿਲਾ ਭਾਰਤ ਦੌਰਾ ਹਰ ਕਿਸੇ ਲਈ ਖਾਸ ਹੈ। ਟਰੂਡੋ 18 ਫਰਵਰੀ ਭਾਵ ਐਤਵਾਰ ਨੂੰ ਤਾਜ ਮਹੱਲ ਦੇਖਣ ਜਾਣਗੇ ਅਤੇ ਇਸ ਤੋਂ ਇਲਾਵਾ ਉਹ ਜਾਮਾ ਮਸਜਿਦ 'ਚ ਵੀ ਜਾਣਗੇ। 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ।