ਭਾਰਤੀ ਪਹਿਰਾਵੇ 'ਚ ਨਜ਼ਰ ਆਇਆ ਟਰੂਡੋ ਪਰਿਵਾਰ, ਸਾਬਰਮਤੀ ਆਸ਼ਰਮ 'ਚ ਕੱਤਿਆ ਚਰਖਾ (ਵੀਡੀਓ)

02/19/2018 4:09:07 PM

ਗੁਜਰਾਤ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਗੁਜਰਾਤ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ 'ਚ ਨਜ਼ਰ ਆਇਆ। ਟਰੂਡੋ ਦੀ ਪਤਨੀ ਸੋਫੀ ਨੇ ਸੂਟ ਪਹਿਨਿਆ ਹੈ ਅਤੇ ਬਿੰਦੀ ਲਗਾਈ ਹੈ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਟਰੂਡੋ ਦੀ ਪਤਨੀ ਸੂਟ 'ਚ ਨਜ਼ਰ ਆਈ ਹੈ ਹਾਲਾਂਕਿ ਟਰੂਡੋ ਕਈ ਵਾਰ ਕੈਨੇਡਾ 'ਚ ਭਾਰਤੀ ਪ੍ਰੋਗਰਾਮਾਂ ਦੌਰਾਨ ਭਾਰਤੀ ਪਹਿਰਾਵੇ 'ਚ ਦਿਖਾਈ ਦਿੱਤੇ ਹਨ।

ਟਰੂਡੋ ਦਾ ਪਰਿਵਾਰ ਲਾਲ ਅਤੇ ਪੀਲੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਿਹਾ ਹੈ। ਟਰੂਡੋ ਦੇ ਬੱਚਿਆਂ ਨੇ ਵੀ ਕੁੜਤਾ ਪਜਾਮਾ ਪਹਿਨਿਆ ਹੈ ਅਤੇ ਉਨ੍ਹਾਂ ਦੀ ਧੀ ਵੀ ਸੂਟ ਪਜਾਮੀ 'ਚ ਨਜ਼ਰ ਆ ਰਹੀ ਹੈ। ਇੱਥੇ ਉਨ੍ਹਾਂ ਨੇ ਵਿਜ਼ਟਰ ਬੁੱਕ 'ਚ ਲਿਖਿਆ,''ਇਹ ਆਸ਼ਰਮ ਸ਼ਾਂਤੀ, ਨਮਰਤਾ ਅਤੇ ਸੱਚ ਦਾ ਇਕ ਸੁੰਦਰ ਸਥਾਨ ਹੈ। ਇਸ ਦੀ ਅੱਜ ਵੀ ਓਨੀ ਹੀ ਜ਼ਰੂਰਤ ਹੈ, ਜਿੰਨੀ ਹਮੇਸ਼ਾ ਤੋਂ ਸੀ।'' 

ਟਰੂਡੋ ਪਰਿਵਾਰ ਸਾਬਰਮਤੀ ਆਸ਼ਰਮ ਪੁੱਜ ਗਿਆ ਹੈ। ਟਰੂਡੋ ਪਰਿਵਾਰ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਮੂਰਤੀ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪੀ.ਐੱਮ. ਟਰੂਡੋ ਨੇ ਆਪਣੇ ਛੋਟੇ ਪੁੱਤ ਦੇ ਹੱਥੋਂ ਵੀ ਗਾਂਧੀ ਜੀ ਦੀ ਮੂਰਤੀ 'ਤੇ ਫੁੱਲ ਚੜ੍ਹਵਾਏ। ਸਾਬਰਮਤੀ ਆਸ਼ਰਮ 'ਚ ਰਾਸ਼ਟਰਪਿਤਾ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਬਤੀਤ ਕੀਤਾ ਸੀ।

ਇੱਥੇ ਟਰੂਡੋ ਦੀ ਪਤਨੀ ਨੇ ਚਰਖਾ ਕੱਤਿਆ ਅਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਗਈਆਂ।

ਟਰੂਡੋ ਪਰਿਵਾਰ ਹਵਾਈ ਜਹਾਜ਼ ਰਾਹੀਂ ਜਦ ਅਹਿਮਦਾਬਾਦ ਪੁੱਜਾ ਤਦ ਵੀ ਉਨ੍ਹਾਂ ਨੇ ਹੱਥ ਜੋੜ ਕੇ ਸਭ ਨੂੰ ਨਮਸਤੇ ਕੀਤੀ ਅਤੇ ਸਾਬਰਮਤੀ ਆਸ਼ਰਮ 'ਚ ਜਾ ਕੇ ਵੀ ਉਨ੍ਹਾਂ ਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ।

ਟਰੂਡੋ ਪਰਿਵਾਰ ਭਾਰਤੀ ਰੰਗ 'ਚ ਰੰਗਿਆ ਨਜ਼ਰ ਆਇਆ ਅਤੇ ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।