ਟਰੱਕ ਚਾਹ ਦੇ ਖੋਖੇ ''ਤੇ ਪਲਟਿਆ, 2 ਬੱਚਿਆਂ ਸਮੇਤ 7 ਦੀ ਮੌਤ

08/13/2019 10:28:03 AM

ਬਦਾਊਂ— ਉੱਤਰ ਪ੍ਰਦੇਸ਼ 'ਚ ਬਦਾਊਂ ਜ਼ਿਲੇ ਦੇ ਉਸਾਵਾਂ ਖੇਤਰ 'ਚ ਹਜਰਤਪੁਰ-ਮਆਊਂ ਮਾਰਗ 'ਤੇ ਕਣਕ ਦੇ ਬੋਰਿਆਂ ਨਾਲ ਭਰਿਆ ਟਰੱਕ ਚਾਹ ਦੇ ਖੋਖੇ 'ਤੇ ਪਲਟਣ ਨਾਲ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਜ਼ਖਮੀ ਹੋ ਗਏ। ਹਾਦਸੇ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਅਤੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸੀਨੀਅਰ ਪੁਲਸ ਸੁਪਰਡੈਂਟ ਅਸ਼ੋਕ ਕੁਮਾਰ ਤ੍ਰਿਪਾਠੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 9 ਵਜੇ ਉਸਾਵਾਂ ਖੇਤਰ 'ਚ ਹਜਰਤਪੁਰ-ਮਆਊਂ ਮਾਰਗ 'ਤੇ ਹੰਡੌਰਾ ਪਿੰਡ ਦੇ ਸਾਹਮਣੇ ਸਪੀਡ ਬਰੇਕਰ ਕੋਲ ਸਾਹਮਣੇ ਆਏ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਟਰੱਕ ਚਾਲਕ ਨੇ ਅਚਾਨਕ ਬਰੇਕ ਲੱਗਾ ਦਿੱਤੀ ਅਤੇ ਸੜਕ ਕਿਨਾਰੇ ਲੱਗੇ ਸੋਨਪਾਲ ਦੇ ਚਾਹ ਦੇ ਖੋਖੇ 'ਤੇ ਪਲਟ ਗਿਆ। 

ਘਟਨਾ ਦੇ ਸਮੇਂ ਉੱਥੇ ਕਾਂਵੜੀਆਂ ਦਾ ਜੱਥਾ ਸਾਮਾਨ ਖਰੀਦ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਚਾਹ ਵਪਾਰੀ ਦੀਆਂ 2 ਦੋਹਤੀਆਂ ਸਮੇਤ 7 ਲੋਕਾਂ ਦੀ ਟਰੱਕ ਹੇਠਾਂ ਦੱਬਣ ਨਾਲ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਕਈ ਕਾਂਵੜੀਏ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲੇਦ ਹੀ ਜ਼ਿਲਾ ਅਧਿਕਾਰੀ ਦਿਨੇਸ਼ ਕੁਮਾਰ ਸਿੰਘ ਅਤੇ ਉਹ ਖੁਦ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਤੁਰੰਤ ਜੇ.ਸੀ.ਬੀ. ਅਤੇ ਕਰੇਨ ਦੀ ਮਦਦ ਨਾਲ ਟਰੱਕ ਹੇਠਾਂ ਦੱਬੇ ਲੋਕਾਂ ਅਤੇ ਲਾਸ਼ਾਂ ਨੂੰ ਕੱਢਿਆ ਗਿਆ। ਮ੍ਰਿਤਕਾਂ 'ਚ ਸੋਨਪਾਲ ਦੀਆਂ ਦੋਹਤੀਆਂ 5 ਸਾਲਾ ਕਾਜਲ ਅਤੇ 2 ਸਾਲਾ ਨੰਦਿਨੀ ਵਾਸੀ ਹਡੌਰਾ ਦੀ ਪਛਾਣ ਹੋ ਗਈ ਹੈ। ਹੋਰ ਮ੍ਰਿਤਕਾਂ ਦੀ ਪਛਾਣ ਕਰਵਾਈ ਜਾ ਰਹੀ ਹੈ। ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ 'ਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਸਮੇਂ ਰਹਿੰਦੇ ਲੋਕਾਂ ਨੂੰ ਸ਼ਾਂਤ ਕਰਵਾਇਆ।

DIsha

This news is Content Editor DIsha