ਤ੍ਰਿਪੁਰਾ- ਚਲਦੀ ਗੱਡੀ ''ਚ ਕਾਲਜ ਦੀ ਵਿਦਿਆਰਥਣ ਨਾਲ ਗੈਂਗਰੇਪ, ਮੁੱਖ ਦੋਸ਼ੀ ਗ੍ਰਿਫ਼ਤਾਰ

05/11/2023 6:13:44 PM

ਅਗਰਤਲਾ- ਪੱਛਮੀ ਤ੍ਰਿਪੁਰਾ ਜ਼ਿਲ੍ਹੇ 'ਚ ਕਾਲਜ ਦੀ ਇਕ ਵਿਦਿਆਰਥਣ ਨਾਲ ਚਲਦੀ ਗੱਡੀ 'ਚ ਕਥਿਤ ਤੌਰ 'ਤੇ ਸਮੂਹਿਕ ਜ਼ਬਰ-ਜਿਨਾਹ ਕੀਤਾ ਗਿਆ ਅਤੇ ਫਿਰ ਦੋਸ਼ੀ ਅਮਾਤਾਲੀ ਬਾਈਪਾਸ ਨੇੜੇ ਉਸਨੂੰ ਗੰਭੀਰ ਹਾਲਤ 'ਚ ਸੜਕ 'ਤੇ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਥਿਤ ਘਟਨਾ ਸੋਮਵਾਰ ਦੇਰ ਰਾਤ ਨੂੰ ਹੋਈ ਅਤੇ ਪੀੜਤ ਵਿਦਿਆਰਥਣ ਨੂੰ ਜੀ.ਬੀ. ਪੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਦੋਸ਼ੀ ਗੌਤਮ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੁੱਧਵਾਰ ਨੂੰ ਇਸ ਮਾਮਲੇ 'ਚ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 

ਸਬ ਡਵੀਜ਼ਨਲ ਪੁਲਸ ਅਧਿਕਾਰੀ ਆਸ਼ੀਸ਼ ਦਾਸਗੁਪਤਾ ਨੇ ਬੁੱਧਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਸੋਮਵਾਰ ਨੂੰ ਪੂਰਾ ਦਿਨ ਵਿਦਿਆਰਥਣ ਨੂੰ ਮੁੱਖ ਦੋਸ਼ੀ ਦੇ ਨਾਲ ਇਕ ਗੱਡੀ 'ਚ ਘੁੰਮਦੇ ਦੇਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਅਦ 'ਚ ਰਾਤ ਦੇ ਸਮੇਂ ਵਿਦਿਆਰਥਣ ਦੇ ਇਕੱਲੇਪਨ ਦਾ ਫਾਇਦਾ ਚੁੱਕ ਕੇ ਦੋਸ਼ੀਆਂ ਨੇ ਉਸਦੀ ਮਰਜ਼ੀ ਦੇ ਖਿਲਾਫ ਜ਼ਬਰ-ਜਿਨਾਹ ਕੀਤਾ ਅਤੇ ਉਸਨੂੰ ਅਮਾਤਾਲੀ ਬਾਈਪਾਸ ਨੇੜੇ ਛੱਡ ਕੇ ਫਰਾਰ ਹੋ ਗਏ।

ਅਧਿਕਾਰੀ ਮੁਤਾਬਕ, ਪੁਲਸ ਜਾਂਚ 'ਚ ਪਾਇਆ ਗਿਆ ਕਿ ਪੀੜਤ ਵਿਦਿਆਰਥਣ ਮੁੱਖ ਦੋਸ਼ੀ ਗੌਤਮ ਸ਼ਰਮਾ ਦੇ ਨਾਲ ਨਿਯਮਿਤ ਰੂਪ ਨਾਲ ਗੱਲਬਾਤ ਕਰਦੀ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਪਰਾਧ 'ਚ ਹੋਰ ਵਿਅਕਤੀ ਸ਼ਾਮਲ ਸਨ ਜਾਂ ਨਹੀਂ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਦੀ ਮਾਂ ਨੇ ਪੁਲਸ 'ਚ ਦਰਜ ਸ਼ਿਕਾਇਤ 'ਚ ਦਾਅਵਾ ਕੀਤਾ ਕਿ ਉਸਦੀ ਧੀ ਨੂੰ ਕਾਲਜ ਤੋਂ ਘਰ ਵਾਪਸ ਆਉਣ ਦੌਰਾਨ ਇਕ ਨੌਜਵਾਨ ਦੁਆਰਾ ਕਾਰ 'ਚ ਲਿਫਟ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਵਿਦਿਆਰਥਣ ਨੇ ਇਸਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਗੱਡੀ ਦੇ ਅੰਦਰ ਤਿੰਨ ਨੌਜਵਾਨਾਂ ਦੁਆਰਾ ਵਿਦਿਆਰਥਣ ਨਾਲ ਜ਼ਬਰ-ਜਿਨਾਹ ਕੀਤਾ ਗਿਆ ਅਤੇ ਬਾਅਦ 'ਚ ਉਸਨੂੰ ਅਮਾਤਾਲੀ ਬਾਈਪਾਸ 'ਤੇ ਦਰਦਨਾਕ ਹਾਲਤ 'ਚ ਛੱਡ ਦਿੱਤਾ ਗਿਆ। ਜਾਣ ਪਛਾਣ ਦੇ ਲੋਕਾਂ ਦੁਆਰਾ ਸੂਚਨਾ ਮਿਲਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਬੇਹੋਸ਼ੀ ਦੀ ਹਾਲਤ 'ਚ ਉਸਨੂੰ ਹਸਪਤਾਲ ਲੈ ਕੇ ਗਏ। 

ਘਟਨਾ ਦੀ ਖਬਰ ਫੈਲਦੇ ਹੀ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਪਾਰੀਆ ਦੱਤਾ, ਪਾਰਟੀ ਦੇ ਮਹਿਲਾ ਮੋਰਚਾ ਦੇ ਨੇਤਾਵਾਂ ਦੇ ਨਾਲ ਹਸਪਤਾਲ ਪਹੁੰਚੀ ਅਤੇ ਵਿਦਿਆਰਥਣ ਦੀ ਸਿਹਤ ਦੀ ਜਾਣਕਾਰੀ ਲਈ। ਦੱਤਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਾਣਿਕ ਸਾਹਾ ਦੇ ਨਿਰਦੇਸ਼ 'ਤੇ ਹਸਪਤਾਲ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਦੇ ਹਾਂ।

Rakesh

This news is Content Editor Rakesh