ਸਿਰ ’ਤੇ ਵਾਰ ਕਰ ਕੇ ਸਾਥੀ ਹਰਪ੍ਰੀਤ ਨੇ ਕੀਤਾ ਸੀ ਤ੍ਰਿਲੋਚਨ ਸਿੰਘ ਦਾ ਕਤਲ

09/11/2021 10:31:42 AM

ਨਵੀਂ ਦਿੱਲੀ (ਏਜੰਸੀਆਂ)- ਨੈਸ਼ਨਲ ਕਾਨਫਰੰਸ ਨੇਤਾ ਤ੍ਰਿਲੋਚਨ ਸਿੰਘ ਦੀ ਹੱਤਿਆ 2 ਸਤੰਬਰ ਨੂੰ ਉਨ੍ਹਾਂ ਦੇ ਸਭ ਤੋਂ ਭਰੋਸੇਮੰਦ ਸਾਥੀ ਹਰਪ੍ਰੀਤ ਨੇ ਸਿਰ ’ਤੇ ਵਾਰ ਕਰ ਕੇ ਕੀਤੀ ਸੀ, ਉਸ ਤੋਂ ਪਹਿਲਾਂ ਨਸ਼ੇ ਵਾਲਾ ਪਦਾਰਥ ਵੀ ਦਿੱਤਾ ਸੀ। ਉਥੇ ਹੀ ਹੱਤਿਆ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਜਾਂਚ ’ਚ ਸਾਹਮਣੇ ਆਇਆ ਕਿ ਹੱਤਿਆ ਦੀ ਜਾਣਕਾਰੀ ਹਰਪ੍ਰੀਤ ਦੀ ਔਰਤ ਦੋਸਤ ਹਰਮੀਤ ਨੂੰ ਵੀ ਸੀ। ਕ੍ਰਾਈਮ ਬ੍ਰਾਂਚ ਨੇ ਸ਼ੁਰੂਆਤੀ ਜਾਂਚ ’ਚ ਕਿਹਾ ਕਿ ਪੋਸਟਮਾਰਟਰਮ ਰਿਪੋਰਟ ਸਮੇਤ ਮੌਕੇ ’ਤੇ ਮਿਲੇ ਸਬੂਤਾਂ ਤੋਂ ਸਾਫ਼ ਹੈ ਕਿ ਤ੍ਰਿਲੋਚਨ ਸਿੰਘ ਦੀ ਹੱਤਿਆ ’ਚ ਹਰਪ੍ਰੀਤ ਦਾ ਹੱਥ ਹੈ, ਹਾਲਾਂਕਿ ਉਸ ਨੇ ਨਾ ਸਿਰਫ ਪਰਿਵਾਰ ਨੂੰ ਗੁੰਮਰਾਹ ਕੀਤਾ ਸਗੋਂ ਉਹ ਫਰਾਰ ਵੀ ਹੋ ਗਿਆ। ਪੁਲਸ ਨੇ ਹਰਪ੍ਰੀਤ ਸਮੇਤ 3 ਹੋਰ ਸੁਰਿੰਦਰ ਸਿੰਘ ਕਾਲ਼ਾ, ਸੁਦਰਸ਼ਨ ਸਿੰਘ ਅਤੇ ਉਸ ਦੀ ਔਰਤ ਦੋਸਤ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਿੱਲੀ ’ਚ ਮ੍ਰਿਤਕ ਹਾਲਤ ’ਚ ਮਿਲੇ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਤ੍ਰਿਲੋਚਨ ਸਿੰਘ ਵਜ਼ੀਰ

ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੀਤੀ ਸੀ ਕੋਸ਼ਿਸ਼, ਜਾਂਚ ਲਈ ਜੰਮੂ ਪਹੁੰਚੀ ਦਿੱਲੀ ਪੁਲਸ
ਹਾਈ ਪ੍ਰੋਫਾਈਲ ਮਾਮਲੇ ਨੂੰ ਵੇਖਦੇ ਹੋਏ ਦੇਰ ਰਾਤ 2 ਵਜੇ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਸੀ, ਜਿਸ ਤੋਂ ਬਾਅਦ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਟੀਮ ਨੂੰ ਮੌਕੇ ਤੋਂ ਐਸਿਡ ਅਤੇ ਚੱਲਦਾ ਹੋਇਆ ਏ. ਸੀ. ਵੀ ਮਿਲਿਆ ਹੈ ਤਾਕਿ ਲਾਸ਼ ਦੀ ਬਦਬੂ ਨੂੰ ਘੱਟ ਕੀਤਾ ਜਾ ਸਕੇ। ਉਥੇ ਹੀ ਮੋਬਾਇਲ ਸੀ. ਡੀ. ਆਰ. ’ਚ ਪਤਾ ਲੱਗਾ ਕਿ 3 ਸਤੰਬਰ ਨੂੰ ਜਦੋਂ ਕੈਨੇਡਾ ਤੋਂ ਤ੍ਰਿਲੋਚਨ ਸਿੰਘ ਦੇ ਬੇਟੇ ਅਤੇ ਪਤਨੀ ਨੇ ਫੋਨ ਕੀਤਾ ਸੀ ਤਾਂ ਹਰਪ੍ਰੀਤ ਨੇ ਗੱਲ ਕੀਤੀ ਸੀ। ਹਰਪ੍ਰੀਤ ਨੇ ਦੱਸਿਆ ਸੀ ਕਿ ਤ੍ਰਿਲੋਚਨ ਸਿੰਘ ਫਲਾਈਟ ਲੈ ਕੇ ਨਿਕਲ ਗਏ ਹਨ, ਗਲਤੀ ਨਾਲ ਉਨ੍ਹਾਂ ਦਾ ਮੋਬਾਇਲ ਇੱਥੇ ਰਹਿ ਗਿਆ। ਇਸ ਤੋਂ ਬਾਅਦ ਹਰਪ੍ਰੀਤ ਹੀ ਪੁਲਸ ਨੂੰ ਗੁੰਮਰਾਹ ਕਰਨ ਲਈ ਤ੍ਰਿਲੋਚਨ ਦਾ ਮੋਬਾਇਲ ਆਪਣੇ ਨਾਲ ਲੈ ਕੇ ਜੰਮੂ ਵੀ ਗਿਆ ਸੀ, ਉੱਥੋਂ ਉਹ ਦਿੱਲੀ ਪਰਤ ਆਇਆ। ਇਸ ਦਰਮਿਆਨ ਕਈ ਵਾਰ ਤ੍ਰਿਲੋਚਨ ਸਿੰਘ ਦੇ ਪਰਿਵਾਰ ਨੇ ਮੋਬਾਇਲ ’ਤੇ ਸੰਪਰਕ ਕੀਤਾ ਅਤੇ ਹਰਪ੍ਰੀਤ ਉਨ੍ਹਾਂ ਨੂੰ ਵਰਗਲਾਉਂਦਾ ਰਿਹਾ। ਓਧਰ ਟੀ. ਐੱਸ. ਵਜ਼ੀਰ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਲਈ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਦੀ ਇਕ ਟੀਮ ਜੰਮੂ ਪਹੁੰਚੀ ਹੈ।

ਬੇਟੇ ਨੂੰ ਪੋਸਟਮਾਰਟਰਮ ਤੋਂ ਬਾਅਦ ਸੌਂਪੀ ਲਾਸ਼ 
ਪਿਤਾ ਦੀ ਮੌਤ ਦੀ ਖਬਰ ਤੋਂ ਬਾਅਦ ਬੇਟਾ ਕਰਨ ਸ਼ੁੱਕਰਵਾਰ ਸਵੇਰੇ ਕੈਨੇਡਾ ਤੋਂ ਲੇਡੀ ਹਾਰਡਿੰਗ ਹਸਪਤਾਲ ਪੁੱਜਾ, ਜਿੱਥੇ ਉਸ ਦੇ ਪਿਤਾ ਤ੍ਰਿਲੋਚਨ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪੁਲਸ ਨੇ ਉਸ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ

ਦੋਸਤ ਦੀ ਕਾਲ ’ਤੇ ਹਰਪ੍ਰੀਤ ਨੇ ਹੱਤਿਆ ਦੀ ਗੱਲ ਕਬੂਲੀ
8 ਸਤੰਬਰ ਨੂੰ ਜਦੋਂ ਤ੍ਰਿਲੋਚਨ ਦੇ ਇਕ ਦੋਸਤ ਰਣਜੋਤ ਸਿੰਘ ਨਲਵਾ ਨੇ ਉਨ੍ਹਾਂ ਦੇ ਮੋਬਾਇਲ ’ਤੇ ਜੰਮੂ ਤੋਂ ਕਾਲ ਕੀਤੀ ਅਤੇ ਕਿਹਾ ਕਿ ਉਹ ਦੋਸਤ ਤ੍ਰਿਲੋਚਨ ਸਿੰਘ ਨੂੰ ਮਿਲਣ ਖੁਦ ਆ ਰਹੇ ਹਨ ਤਾਂ ਹਰਪ੍ਰੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਤ੍ਰਿਲੋਚਨ ਸਿੰਘ ਦੀ ਹੱਤਿਆ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਲਾਸ਼ ਉਸ ਦੇ ਹੀ ਫਲੈਟ ’ਚ ਹੈ ਜਿਸ ਤੋਂ ਬਾਅਦ ਦੋਸਤ ਨੇ ਹੀ ਇਸ ਦੀ ਜਾਣਕਾਰੀ ਜੰਮੂ ਪੁਲਸ ਨੂੰ ਦਿੱਤੀ ਸੀ, ਜਿਨ੍ਹਾਂ ਨੇ ਪੱਛਮੀ ਜ਼ਿਲਾ ਪੁਲਸ ਨੂੰ ਦੱਸਿਆ। ਉਥੇ ਹੀ ਤ੍ਰਿਲੋਚਨ ਸਿੰਘ ਦੇ ਭਰਾ ਭੁਪਿੰਦਰ ਸਿੰਘ ਨੇ ਦਰਜ ਐੱਫ. ਆਈ. ਆਰ. ’ਚ ਜੰਮੂ ਦੇ ਰਹਿਣ ਵਾਲੇ 2 ਲੋਕਾਂ ਸੁਦਰਸ਼ਨ ਸਿੰਘ ਅਤੇ ਸੁਰਿੰਦਰ ਸਿੰਘ ’ਤੇ ਹੱਤਿਆ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੇ ਕਈ ਵਾਰ ਉਨ੍ਹਾਂ ਦੇ ਭਰਾ ਨੂੰ ਮਰਵਾਉਣ ਦੀ ਧਮਕੀ ਦਿੱਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News