ਗੰਗੋਤਰੀ-ਯਮੁਨੋਤਰੀ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਕ ਹੀ ਸੁਰੰਗ ਤੋਂ ਲੰਘਣਗੀਆਂ ਟਰੇਨਾਂ ਅਤੇ ਕਾਰਾਂ

10/21/2023 12:34:27 PM

ਦੇਹਰਾਦੂਨ- ਗੰਗੋਤਰੀ ਅਤੇ ਯਮੁਨੋਤਰੀ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਖ਼ਾਸ ਸਹੂਲਤ ਮਿਲੇਗੀ। ਦਰ ਅਸਲ ਗੰਗੋਤਰੀ ਅਤੇ ਯਮੁਨੋਤਰੀ ਧਾਮ ਨੂੰ ਇਕੋ ਰੇਲ ਲਾਈਨ ਨਾਲ ਜੋੜਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਰੇਲਵੇ ਟਰੈਕ ਦੇ ਨਾਲ ਹਾਈਵੇਅ ਵੀ ਚੱਲੇਗਾ।ਰੇਲ ਵਿਕਾਸ ਨਿਗਮ ਨੇ 121.76 ਕਿਲੋਮੀਟਰ ਲੰਬੇ ਰੇਲਵੇ ਟਰੈਕ ਦਾ ਸਰਵੇ ਪੂਰਾ ਕਰ ਲਿਆ ਹੈ। ਇਸ ਦੇ ਲਈ 29 ਹਜ਼ਾਰ ਕਰੋੜ ਰੁਪਏ ਖਰਚੇ ਜਾਣਗੇ। ਇਸ ਪ੍ਰਾਜੈਕਟ ਦਾ 70 ਫੀਸਦੀ ਹਿੱਸਾ ਸੁਰੰਗ ਵਿਚੋਂ ਲੰਘੇਗਾ। 

ਰੇਲਵੇ ਅਧਿਕਾਰੀਆਂ ਮੁਤਾਬਕ ਰਿਸ਼ੀਕੇਸ਼-ਕਰਨਪ੍ਰਯਾਗ ਤੋਂ ਬਾਅਦ ਹੁਣ ਗੰਗੋਤਰੀ-ਯਮੁਨੋਤਰੀ ਨੂੰ ਜੋੜਨ ਦਾ ਪ੍ਰਾਜੈਕਟ ਰਿਸ਼ੀਕੇਸ਼ ਤੋਂ ਹੀ ਸ਼ੁਰੂ ਹੋਣ ਜਾ ਰਿਹਾ ਹੈ। ਸੁਰੰਗ ਦਾ ਕੰਮ ਰਿਸ਼ੀਕੇਸ਼ ਨੇੜੇ ਰਾਨੀਪੋਖਰੀ ਨਾਮੀ ਕਸਬੇ ਤੋਂ ਸ਼ੁਰੂ ਹੋਵੇਗਾ। ਟਿਹਰੀ ਨੇੜੇ ਕੋਟੀ ਕਾਲੋਨੀ ਨੂੰ ਸਿੱਧਾ ਜੋੜਨ ਦਾ ਪ੍ਰਸਤਾਵ ਹੈ। ਕੁੱਲ ਲੰਬਾਈ ਲਗਭਗ 35 ਕਿਲੋਮੀਟਰ ਹੋਵੇਗੀ। ਦੇਹਰਾਦੂਨ ਤੋਂ ਟਿਹਰੀ ਨੂੰ ਜੋੜਨ ਲਈ ਵੱਖਰੀ ਸੁਰੰਗ ਬਣਾਉਣ ਦੀ ਬਜਾਏ ਇਸ ਨੂੰ ਰੇਲਵੇ ਪ੍ਰਾਜੈਕਟ ਨਾਲ ਹੀ ਜੋੜਿਆ ਜਾਵੇਗਾ। ਉੱਤਰਾਖੰਡ ਦੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਡਾ. ਪੰਕਜ ਕੁਮਾਰ ਪਾਂਡੇ ਨੇ ਕਿਹਾ ਕਿ ਕੇਂਦਰ ਸਰਕਾਰ ਦੋਹਾਂ ਪ੍ਰਾਜੈਕਟਾਂ 'ਤੇ ਪੈਸਾ ਖਰਚ ਕਰੇਗੀ। ਇਹ ਪ੍ਰਾਜੈਕਟ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਏਗਾ। ਰੇਲ ਦੇ ਬਰਾਬਰ ਹੀ ਹਾਈਵੇਅ ਵੀ ਬਣੇ ਤਾਂ ਇਸ ਵਿਚ ਪੈਸਾ ਵੀ ਘੱਟ ਖਰਚ ਹੋਵੇਗਾ।

ਰਿਸ਼ੀਕੇਸ਼-ਕਰਨਪ੍ਰਯਾਗ ਰੇਲਵੇ ਲਾਈਨ 'ਚ 8ਵੀਂ ਸੁਰੰਗ ਦਾ ਕੰਮ ਪੂਰਾ-
ਉੱਤਰਾਖੰਡ ਵਿਚ ਬਣਾਏ ਜਾ ਰਹੇ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ​​ਲਾਈਨ ਪ੍ਰਾਜੈਕਟ 'ਚ 8ਵੀਂ ਸੁਰੰਗ ਦਾ ਕੰਮ ਪੂਰਾ ਹੋ ਗਿਆ ਹੈ। ਸ੍ਰੀਨਗਰ ਨੇੜੇ ਸ੍ਰੀਕੋਟ ਗੈਸ ਗੋਦਾਮ ਤੋਂ ਸਵੀਤ ਤੱਕ ਦੋ ਕਿਲੋਮੀਟਰ ਲੰਬੀ ਨਿਕਾਸੀ ਸੁਰੰਗ ਨੂੰ ਜੋੜਿਆ ਗਿਆ ਹੈ। ਉਪ ਜ਼ਿਲ੍ਹਾ ਅਧਿਕਾਰੀ ਸ੍ਰੀਨਗਰ ਨੂਪੁਰ ਵਰਮਾ ਨੇ ਦੱਸਿਆ ਕਿ ਰੇਲ ਵਿਕਾਸ ਨਿਗਮ ਹੁਣ ਸ੍ਰੀਨਗਰ ਜੀ. ਐਨ. ਟੀ. ਆਈ ਮੈਦਾਨ ਤੋਂ ਡੰਗਰੀਪੰਥ ਤੱਕ ਸੁਰੰਗ-11 ਦਾ ਕੰਮ ਪੂਰਾ ਕਰਨ ਜਾ ਰਿਹਾ ਹੈ। 8ਵੀਂ ਸੁਰੰਗ ਲਗਭਗ ਤਿਆਰ ਹੈ।

Tanu

This news is Content Editor Tanu