ਦੋਸਤ ਨੇ ਨੇਵੀ ’ਚ ਨੌਕਰੀ ਦਾ ਝਾਂਸਾ ਦੇ ਕੇ ਭੇਜਿਆ ਈਰਾਨ, ਨੌਜਵਾਨ ਨੇ ਖੇਤਾਂ ’ਚ ਲੁੱਕ ਕੇ ਬਚਾਈ ਜਾਨ

01/10/2021 5:09:23 PM

ਸ਼ਾਹਜਹਾਂਪੁਰ— ਵਿਦੇਸ਼ ਵਿਚ ਨੌਕਰੀ ਲਗਵਾਉਣ ਦੇ ਨਾਮ ’ਤੇ ਠੱਗੀ ਕਰ ਕੇ ਈਰਾਨ ਭੇਜੇ ਗਏ ਉੱਤਰ ਪ੍ਰਦੇਸ਼ ਦੇ ਸ਼ਹਾਜਹਾਂਪੁਰ ਜ਼ਿਲ੍ਹੇ ਦਾ ਇਕ ਨੌਜਵਾਨ ਉੱਥੋਂ ਭਾਰਤੀ ਦੂਤਘਰ ਦੀ ਮਦਦ ਨਾਲ ਆਖ਼ਰਕਾਰ ਆਪਣੇ ਵਤਨ ਪਰਤਿਆ। ਸ਼ਾਹਜਹਾਂਪੁਰ ਤੋਂ ਭਾਜਪਾ ਸੰਸਦ ਮੈਂਬਰ ਅਰੁਣ ਸਾਗਰ ਨੇ ਐਤਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲਾਨ ਥਾਣਾ ਖੇਤਰ ਦੇ ਜਖੀਆ ਪਿੰਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਦਾ ਪੁੱਤਰ ਰਿੰਕੂ (24) ਪਿਛਲੀ 14 ਦਸੰਬਰ ਨੂੰ ਨੌਕਰੀ ਕਰਨ ਈਰਾਨ ਗਿਆ ਸੀ, ਜਿਸ ਲਈ ਉਸ ਤੋਂ ਸਾਢੇ 3 ਲੱਖ ਰੁਪਏ ਲਏ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਵੱਡੇ ਜਹਾਜ਼ ’ਤੇ ਕੰਮ ਕਰਨ ਦੀ ਗੱਲ ਕਹਿ ਕੇ ਲਿਜਾਇਆ ਗਿਆ ਸੀ ਪਰ ਉਸ ਨੂੰ ਇਕ ਛੋਟੀ ਕਿਸ਼ਤੀ ’ਤੇ ਕੰਮ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਆਪਣੇ ਨਾਲ ਠੱਗੀ ਕੀਤੇ ਜਾਣ ਦਾ ਅਹਿਸਾਸ ਹੋਇਆ। 

PunjabKesari

ਸਰਕਾਰੀ ਖਰਚੇ ’ਤੇ ਈਰਾਨ ਤੋਂ ਪਰਤਿਆ ਰਿੰਕੂ—
ਸੰਸਦ ਮੈਂਬਰ ਸਾਗਰ ਨੇ ਦੱਸਿਆ ਕਿ ਰਿੰਕੂ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਈਰਾਨ ’ਚ ਫਸ ਗਿਆ ਹੈ ਅਤੇ ਨੌਕਰੀ ਦੇਣ ਵਾਲਿਆਂ ਨੇ ਉਸ ਦੇ ਤਮਾਮ ਕਾਗਜ਼ਾਤ ਜ਼ਬਤ ਕਰ ਲਏ ਹਨ ਅਤੇ ਡਰ ਦੀ ਵਜ੍ਹਾ ਤੋਂ ਰਿੰਕੂ ਖੇਤਾਂ ਵਿਚ ਲੁੱਕ ਕੇ ਰਹਿ ਰਿਹਾ ਸੀ। ਸਾਗਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕੀਤੀ ਅਤੇ 23 ਦਸੰਬਰ ਨੂੰ ਈ-ਮੇਲ ਦੇ ਜ਼ਰੀਏ ਉਨ੍ਹਾਂ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ। ਸਾਗਰ ਨੇ ਦੱਸਿਆ ਕਿ ਇਸ ਤੋਂ ਬਾਅਦ ਭਾਰਤੀ ਦੂਤਘਰ ਨੇ ਪਿਛਲੀ 2 ਜਨਵਰੀ ਨੂੰ ਰਿੰਕੂ ਨੂੰ ਸਰਕਾਰੀ ਖਰਚੇ ’ਤੇ ਈਰਾਨ ਤੋਂ ਵਾਪਸ ਭਾਰਤ ਭੇਜ ਦਿੱਤਾ ਹੈ।

ਰਿੰਕੂ ਨੇ ਸੁਣਾਈ ਹੱਡ ਬੀਤੀ—
ਇਸ ਦਰਮਿਆਨ ਪੀੜਤ ਰਿੰਕੂ ਨੇ ਦੱਸਿਆ ਕਿ ਉਸ ਨੇ ਮਰਚੈਂਟ ਨੇਵੀ ਦਾ ਕੋਰਸ ਕੀਤਾ ਸੀ ਅਤੇ ਇਸ ਦੌਰਾਨ ਉਸ ਦੀ ਮੁਲਾਕਾਤ ਮੇਰਠ ਦੇ ਰਹਿਣ ਵਾਲੇ ਸੌਰਭ ਨਾਲ ਹੋਈ ਸੀ, ਜੋ ਕਿ ਮਰਚੈਂਟ ਨੇਵੀ ਵਿਚ ਕੰਮ ਕਰ ਰਿਹਾ ਹੈ। ਰਿੰਕੂ ਨੇ ਦੱਸਿਆ ਕਿ ਉਸ ਨੇ ਸੌਰਭ ਨੂੰ ਕੰਮ ਦਿਵਾਉਣ ਦੀ ਗੱਲ ਆਖੀ ਸੀ। ਸੌਰਭ ਨੇ ਉਸ ਤੋਂ ਸਾਢੇ 3 ਲੱਖ ਰੁਪਏ ਲੈ ਕੇ 14 ਦਸੰਬਰ ਨੂੰ ਉਸ ਨੂੰ ਇਕ ਏਜੰਟ ਦੇ ਜ਼ਰੀਏ ਮੁੰਬਈ ਤੋਂ ਈਰਾਨ ਭੇਜ ਦਿੱਤਾ। ਰਿੰਕੂ ਨੇ ਦੱਸਿਆ ਕਿ ਈਰਾਨ ਪਹੁੰਚਣ ’ਤੇ ਇਕ ਚੀਫ਼ ਇੰਜੀਨੀਅਰ ਨੇ ਉਸ ਦਾ ਪਾਸਪੋਰਟ ਅਤੇ ਵੀਜ਼ਾ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਇਕ ਛੋਟੀ ਕਿਸ਼ਤੀ ’ਤੇ ਉਸ ਨੂੰ ਕੰਮ ’ਤੇ ਰੱਖ ਲਿਆ। ਇਸ ਤੋਂ ਇਲਾਵਾ ਉਸ ਦੇ ਕਮਰੇ ਵਿਚ ਨਾਲ ਰਹਿਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਚਾਕੂ ਨਾਲ ਡਰਾਇਆ, ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ। ਰਿੰਕੂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਉੱਥੋਂ ਦੌੜ ਗਿਆ ਅਤੇ ਖੇਤਾਂ ਵਿਚ ਰਾਤਾਂ ਕੱਟਦਾ ਰਿਹਾ। ਚੀਫ਼ ਇੰਜੀਨੀਅਰ ਦੇ ਲੋਕ ਉਸ ਨੂੰ ਲੱਭ ਰਹੇ ਸਨ। ਇਸ ਦਰਮਿਆਨ ਸੰਸਦ ਮੈਂਬਰ ਅਰੁਣ ਸਾਗਰ ਵਲੋਂ ਕੀਤੀ ਗਈ ਕਾਰਵਾਈ ਦਾ ਅਸਰ ਹੋਇਆ ਅਤੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਉਸ ਨਾਲ ਵਟਸਐਪ ’ਤੇ ਸੰਪਰਕ ਕੀਤਾ। 


Tanu

Content Editor

Related News