ਟਰੈਕਟਰ ਪਰੇਡ: ਕਿਸਾਨਾਂ ਨੂੰ ਰੋਕਣ ਲਈ ਜ਼ਮੀਨ ’ਤੇ ਬੈਠੀ ਦਿੱਲੀ ਪੁਲਸ

01/26/2021 4:18:10 PM

ਨਵੀਂ ਦਿੱਲੀ– ਦਿੱਲੀ ਪੁਲਸ ਨੇ ਮੰਗਲਵਾਰ ਨੂੰ ਟਰੈਕਟਰ ਪਰੇਡ ਕੱਢ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਨੂੰ ਹੱਥ ’ਚ ਨਾ ਲੈਣ ਅਤੇ ਸ਼ਾਂਤੀ ਬਣਾਈ ਰੱਖਣ। ਪੁਲਸ ਵਲੋਂ ਇਹ ਅਪੀਲ ਰਾਸ਼ਟਰੀ ਰਾਜਧਾਨੀ ’ਚ ਕਈ ਥਾਵਾਂ ’ਤੇ ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪ ਦੀਆਂ ਘਟਨਾ ਤੋਂ ਬਾਅਦ ਕੀਤੀ ਗਈ ਹੈ। ਪੁਲਸ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਤੈਅ ਕੀਤੇ ਗਏ ਮਾਰਗ ’ਤੇ ਹੀ ਟਰੈਕਟਰ ਪਰੇਡ ਕੱਢਣ। 

ਇਸ ਵਿਚਕਾਰ ਦਿੱਲੀ ਦੇ ਨਾਂਗਲੋਈ ਤੋਂ ਅਨੋਖੀ ਤਸਵੀਰ ਸਾਹਮਣੇ ਆਈ ਹੈ। ਇਥੇ ਜਦੋਂ ਕਿਸਾਨਾਂ ਨੇ ਪੁਲਸ ਦੀ ਗੱਲ ਨਹੀਂ ਮੰਨੀ ਤਾਂ ਕਈ ਪੁਲਸ ਅਧਿਕਾਰੀ ਇਕੱਠੇ ਹੇਠਾਂ ਸੜਕ ’ਤੇ ਬੈਠ ਗਏ। ਦਿੱਲੀ ਪੁਲਸ ਦੇ ਵਧੀਕ ਲੋਕ ਸੰਪਰਕ ਅਫਸਰ ਅਨਿਲ ਮਿੱਤਲ ਨੇ ਕਿਹਾ ਕਿ ਅਸੀਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ’ਚ ਨਾ ਲੈਣ ਅਤੇ ਸ਼ਾਂਤੀ ਬਣਾਈ ਰੱਖਣ। ਪੁਲਸ ਨੇ ਮੰਗਲਵਾਰ ਨੂੰ ਕਿਸਾਨਾਂ ’ਤੇ ਉਦੋਂ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਦੋਂ ਪਹਿਲਾਂ ਤੋਂ ਤੈਅ ਮਾਰਗ ਤੋਂ ਹੱਟ ਕੇ ਉਨ੍ਹਾਂ ਦੀ ਪਰੇਡ ਆਈ.ਟੀ.ਓ. ਸਮੇਤ ਕਈ ਹੋਰ ਸਥਾਨਾਂ ’ਤੇ ਪਹੁੰਚ ਗਈ। ਕਿਸਾਨ ਰਾਜਪਥ ਵਲ ਜਾਣਾ ਚਾਹੁੰਦੇ ਸਨ। 

 

ਦਿੱਲੀ ਪੁਲਸ ਨੇ ਕਿਸਾਨਾਂ ਨੂੰ ਰਾਜਪਥ ’ਤੇ ਅਧਿਕਾਰਤ ਗਣਤੰਤਰ ਦਿਵਸ ਪਰੇਡ ਖਤਮ ਹੋਣ ਤੋਂ ਬਾਅਦ ਤੈਅ ਕੀਤੇ ਗਏ ਮਾਰਗ ’ਤੇ ਟਰੈਕਟਰ ਪਰੇਡ ਕੱਢਣ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ, ਉਸ ਸਮੇਂ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ ਜਦੋਂ ਕਿਸਾਨ ਮੱਧ ਦਿੱਲੀ ਵਲ ਜਾਣ ਲਈ ਅੜ ਗਏ। ਕਿਸਾਨਾਂ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਪਰੇਡ ਸ਼ੁਰੂ ਕਰ ਦਿੱਤੀ ਅਤੇ ਮੱਧ ਦਿੱਲੀ ਦੇ ਆਈ.ਟੀ.ਓ. ਪਹੁੰਚ ਗਏ ਅਤੇ ਲੁਟੀਅਨ ਦਿੱਲੀ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਪ੍ਰਦਰਸ਼ਨਕਾਰੀ ਡੰਡੇ ਲੈ ਕੇ ਚੱਲ ਰਹੇ ਸਨ ਅਤੇ ਆਈ.ਟੀ.ਓ. ’ਤੇ ਉਹ ਪੁਲਸ ਨਾਲ ਭਿੜ ਗਏ। 

Rakesh

This news is Content Editor Rakesh