ਸੱਤਾ ਲਈ ਇਕ-ਦੂਜੇ 'ਤੇ ਕਰਦੇ ਰਹੇ ਵਾਰ, ਹੁਣ ਮੋਦੀ ਖਿਲਾਫ ਹੋਏ ਇਕਜੁੱਟ

01/12/2019 11:10:49 AM

ਲਖਨਊ— ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਨੂੰ ਟੱਕਰ ਦੇਣ ਲਈ ਵਿਰੋਧੀ ਦਲਾਂ ਨੇ ਆਪਸ 'ਚ ਹੱਥ ਮਿਲਾਉਣੇ ਸ਼ੁਰੂ ਕਰ ਦਿੱਤੇ ਹਨ।ਉੱਤਰ ਪ੍ਰਦੇਸ਼ (ਯੂ. ਪੀ.) 'ਚ ਸਮਾਜਵਾਦੀ ਪਾਰਟੀ ਅਤੇ ਬਸਪਾ ਇਕੱਠੇ ਮਿਲ ਕੇ ਚੋਣਾਂ ਲੜਨਗੇ, ਜੋ ਹੁਣ ਤਕ ਇਕ ਦੂਜੇ ਖਿਲਾਫ ਚੋਣ ਪ੍ਰਚਾਰ ਕਰਦੇ ਰਹੇ ਹਨ। ਇਨ੍ਹਾਂ ਦੋਹਾਂ ਦਲਾਂ ਵਿਚਕਾਰ ਸੀਟਾਂ ਨੂੰ ਲੈ ਕੇ ਫਾਰਮੂਲਾ ਤੈਅ ਹੋ ਗਿਆ ਹੈ। 
ਬਸਪਾ ਸੁਪਰੀਮੋ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸ਼ਨੀਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ 'ਚ ਗਠਜੋੜ ਦਾ ਰਸਮੀ ਐਲਾਨ ਕਰ ਸਕਦੇ ਹਨ। ਜਾਣਕਾਰੀ ਮੁਤਾਬਕ, ਦੋਵੇਂ ਦਲ ਕਾਂਗਰਸ ਲਈ ਰਾਏ ਬਰੇਲੀ ਅਤੇ ਅਮੇਠੀ ਦੀਆਂ ਦੋ ਸੀਟਾਂ ਛੱਡ ਸਕਦੇ ਹਨ, ਜਿਨ੍ਹਾਂ 'ਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਚੋਣ ਲੜਦੇ ਹਨ।

 

ਕਿਉਂ ਪਈ ਗਠਜੋੜ ਦੀ ਜ਼ਰੂਰਤ-


ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਲਹਿਰ ਕਾਰਨ ਬਸਪਾ ਦਾ ਖਾਤਾ ਤਕ ਨਹੀਂ ਖੁੱਲ੍ਹਾ ਸੀ, ਜਦੋਂ ਕਿ ਸਮਾਜਵਾਦੀ ਪਾਰਟੀ (ਸਪਾ) ਸਿਰਫ 5 ਸੀਟਾਂ ਹੀ ਜਿੱਤਣ 'ਚ ਸਫਲ ਹੋ ਸਕੀ ਸੀ। ਉੱਤਰ ਪ੍ਰਦੇਸ਼ 'ਚ ਲੋਕ ਸਭਾ ਦੀਆਂ 80 ਸੀਟਾਂ ਹਨ। 
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਸਪਾ ਤੇ ਸਪਾ ਗਠਜੋੜ ਕਰਨਗੇ। ਉੱਤਰ ਪ੍ਰਦੇਸ਼ 'ਚ ਸਰਕਾਰ ਬਣਾਉਣ ਲਈ 25 ਸਾਲ ਪਹਿਲਾਂ 1993 'ਚ ਕਾਂਸ਼ੀਰਾਮ ਅਤੇ ਮੁਲਾਇਮ ਨੇ ਵੀ ਗਠਜੋੜ ਕੀਤਾ ਸੀ।ਕਾਂਸ਼ੀਰਾਮ ਦੇ ਬਾਅਦ ਮਾਇਆਵਤੀ ਲਗਾਤਾਰ ਬਸਪਾ ਦੀ ਪ੍ਰਮੁੱਖ ਹੈ ਅਤੇ ਪਾਰਟੀ ਅੰਦਰ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਹੈ। ਉੱਥੇ ਹੀ ਅਖਿਲੇਸ਼ ਯਾਦਵ ਆਪਣੇ ਪਰਿਵਾਰ ਨਾਲ ਝਗੜੇ ਦੇ ਬਾਅਦ ਮੁਲਾਇਮ ਸਿੰਘ ਯਾਦਵ ਨੂੰ ਹਟਾ ਕੇ ਸਪਾ ਪ੍ਰਧਾਨ ਬਣੇ ਹਨ।