ਮਾਂਗ 'ਚ ਸਿੰਦੂਰ ਤੇ ਹੱਥਾਂ 'ਚ ਮਹਿੰਦੀ ਲਾ ਕੇ ਸੰਸਦ 'ਚ ਸਹੁੰ ਚੁੱਕਣ ਪੁੱਜੀ ਨੁਸਰਤ ਜਹਾਂ

06/25/2019 12:44:19 PM

ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਬਸ਼ੀਰਹਾਟ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸੰਸਦ ਮੈਂਬਰ ਅਤੇ ਅਭਿਨੇਤਰੀ ਨੁਸਰਤ ਜਹਾਂ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਨੁਸਰਤ ਜਹਾਂ 17ਵੀਂ ਲੋਕ ਸਭਾ 'ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਤੋਂ ਚੋਣ ਜਿੱਤਣ ਵਾਲੀ ਬੰਗਾਲੀ ਅਭਿਨੇਤਰੀ ਹੈ। ਇੱਥੇ ਦੱਸ ਦੇਈਏ ਕਿ ਸੰਸਦ ਦੇ ਦੋਹਾਂ ਸਦਨਾਂ 'ਚ ਹੁਣ ਤਕ ਦੀ ਕਾਰਵਾਈ ਵਿਚ ਨੁਸਰਤ ਸ਼ਾਮਲ ਨਹੀਂ ਹੋਈ ਹੈ।

 

ਨੁਸਰਤ ਜਹਾਂ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸ ਨੇ 19 ਜੂਨ ਨੂੰ ਕਾਰੋਬਾਰੀ ਨਿਖਿਲ ਜੈਨ ਨਾਲ ਤੁਰਕੀ 'ਚ ਸੱਤ ਫੇਰੇ ਲਏ। ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਸੰਸਦ ਪੁੱਜਣ ਵਾਲੀ ਸਭ ਤੋਂ ਖੂਬਸੂਰਤ ਅਤੇ ਛੋਟੀ ਉਮਰ ਦੀ ਮੈਂਬਰ ਹੈ। ਸੰਸਦ ਸੈਸ਼ਨ ਵਿਚ ਨੁਸਰਤ ਜਹਾਂ ਰਿਵਾਇਤੀ ਅੰਦਾਜ਼ ਵਿਚ ਨਜ਼ਰ ਆਈ। ਨਵੀਂ ਵਿਆਹੀ ਨੁਸਰਤ ਦੇ ਮਾਂਗ ਵਿਚ ਸਿੰਦੂਰ, ਹੱਥਾਂ 'ਚ ਮਹਿੰਦੀ ਅਤੇ ਚੂੜਾ ਪਹਿਨਿਆ ਹੋਇਆ ਸੀ। ਉਸ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਾਈ। ਨੁਸਰਤ ਜਹਾਂ ਨੇ ਸੰਸਦ ਮੈਂਬਰ ਵਜੋਂ ਪਹਿਲੀ ਵਾਰ ਸਹੁੰ ਚੁੱਕੀ ਹੈ। ਨੁਸਰਤ ਨੇ ਬੰਗਾਲੀ ਭਾਸ਼ਾ 'ਚ ਸਹੁੰ ਚੁੱਕੀ। ਸਹੁੰ ਚੁੱਕਣ ਮਗਰੋਂ ਉਸ ਨੇ 'ਜੈ ਹਿੰਦ', 'ਵੰਦੇ ਮਾਤਰਮ' ਅਤੇ 'ਜੈ ਬੰਗਲਾ' ਕਿਹਾ। ਸਹੁੰ ਚੁੱਕਣ ਮਗਰੋਂ ਨੁਸਰਤ ਨੇ ਸਪੀਕਰ ਓਮ ਬਿਰਲਾ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। 

ਦਰਅਸਲ ਆਪਣੇ ਵਿਆਹ 'ਚ ਰੁੱਝੀ ਹੋਣ ਕਾਰਨ ਨੁਸਰਤ ਜਹਾਂ ਦੇ ਫੈਨਜ਼ ਕਾਫੀ ਨਾਰਾਜ਼ ਸਨ। ਇਸ ਨਾਰਾਜ਼ਗੀ ਦੀ ਵਜ੍ਹਾ ਸੀ ਕਿ ਵਿਆਹ ਕਰ ਕੇ ਸੰਸਦ ਮੈਂਬਰ ਦੀ ਸਹੁੰ ਚੁੱਕਣ ਲਈ ਨਾ ਪੁੱਜਣਾ। 17 ਜੂਨ ਤੋਂ ਸ਼ੁਰੂ ਹੋਏ ਲੋਕ ਸਭਾ ਸੈਸ਼ਨ ਦਰਮਿਆਨ ਹੀ ਨੁਸਰਤ ਜਹਾਂ ਵਿਆਹ ਦੇ ਬੰਧਨ 'ਚ ਬੱਝੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਨੁਸਰਤ ਨੂੰ ਵਿਆਹ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਯੂਜ਼ਰਸ ਨੇ ਉਨ੍ਹਾਂ 'ਤੇ ਕੁਮੈਂਟ ਕੀਤੇ ਕਿ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣੀ ਜ਼ਿਆਦਾ ਜ਼ਰੂਰੀ ਸੀ, ਲਿਹਾਜ਼ਾ ਵਿਆਹ ਦੀ ਤਰੀਕ ਅੱਗੇ ਵੀ ਕੀਤੀ ਜਾ ਸਕਦੀ ਸੀ। ਨੁਸਰਤ ਜਹਾਂ ਕੱਲ ਹੀ ਆਪਣੇ ਪਤੀ ਨਿਖਿਲ ਜੈਨ ਨਾਲ ਤੁਰਕੀ ਤੋਂ ਭਾਰਤ ਪਰਤੀ ਹੈ ਅਤੇ ਲੋਕਾਂ ਦੀ ਨਾਰਾਜ਼ਗੀ ਨੂੰ ਦੇਖਦਿਆਂ ਉਸ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ।

Tanu

This news is Content Editor Tanu