ਕਸ਼ਮੀਰ ’ਚ ‘ਫਲੂ’ ਦਾ ਸਮਾਂ, ਲੋਕਾਂ ਨੂੰ ਟੀਕਾ ਲਗਵਾਉਣ ਦੀ ਸਲਾਹ: ਮੈਡੀਕਲ ਮਾਹਰ

09/21/2021 5:52:59 PM

ਸ਼੍ਰੀਨਗਰ— ਕਸ਼ਮੀਰ ’ਚ ਸਰਦੀਆਂ ਤੋਂ ਪਹਿਲਾਂ ਮੈਡੀਕਲ ਮਾਹਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਮਾਹਰਾਂ ਨੇ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੀ ਇਨਫਲੂਐਂਜ਼ਾ ਟੀਕਾ ਲਗਵਾਉਣ, ਜੋ ਐੱਚ1 ਐੱਨ1 ਵਾਇਰਸ ਨੂੰ ਰੋਕਦਾ ਹੈ। ਜਿਸ ਨੂੰ ਆਮ ਤੌਰ ’ਤੇ ਸਵਾਈਨ ਫਲੂ ਦੇ ਰੂਪ ’ਚ ਜਾਣਿਆ ਜਾਂਦਾ ਹੈ। ਮਾਹਰਾਂ ਮੁਤਾਬਕ 6 ਮਹੀਨੇ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ। 

ਪ੍ਰੋਫ਼ੈਸਰ ਅਤੇ ਐੱਚ. ਓ. ਡੀ. ਕਮਿਊਨਿਟੀ ਮੈਡੀਸੀਨ ਜੀ. ਐੱਮ. ਸੀ. ਸ਼੍ਰੀਨਗਰ, ਡਾ. ਐੱਸ. ਮੁਹੰਮਦ ਸਲੀਮ ਖਾਨ ਨੇ ਗ੍ਰੇਟਰ ਕਸ਼ਮੀਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ 5 ਤੋਂ 6 ਸਾਲਾਂ ਵਿਚ ਹਰ ਸਾਲ ਐੱਚ1 ਐੱਨ1 ਨੇ ਕਈ ਲੋਕਾਂ ’ਤੇ ਹਮਲਾ ਕੀਤਾ ਸੀ ਅਤੇ ਲੋਕਾਂ ਨੂੰ ਸਾਹ ਲੈਣ ਦੀ ਬੀਮਾਰੀ ਤੋਂ ਖ਼ੁਦ ਨੂੰ ਬਚਾਉਣ ਲਈ ਫਲੂ ਟੀਕਾ ਲੈਣਾ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿਚ ਲੋਕ ਸਰਦੀਆਂ ਦੌਰਾਨ ਐੱਚ1 ਐੱਨ1 ਤੋਂ ਪੀੜਤ ਹੋ ਜਾਂਦੇ ਹਨ। ਡਾ. ਖਾਨ ਨੇ ਕਿਹਾ ਕਿ ਉੱਚ ਜ਼ੋਖਮ ਵਾਲੇ ਲੋਕਾਂ ਖ਼ਾਸ ਕਰ ਕੇ ਬਜ਼ੁਰਗਾਂ ਅਤੇ ਸਹਿ-ਰੋਗੀਆਂ ਨੂੰ ਸਤੰਬਰ ’ਚ ਹੀ ਫਲੂ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਇਹ ਆਮ ਆਬਾਦੀ ਲਈ ਵੀ ਜ਼ਰੂਰੀ ਹੈ। 

ਕੀ ਹੈ ਐੱਚ1 ਐੱਨ1 ਫਲੂ—
ਐੱਚ1 ਐੱਨ1 ਫਲੂ ਜਿਸ ਨੂੰ ਆਮ ਤੌਰ ’ਤੇ ਸਵਾਈਨ ਫਲੂ ਕਿਹਾ ਜਾਂਦਾ ਹੈ। ਮੁੱਖ ਤੌਰ ’ਤੇ ਫਲੂ ‘ਇਨਫਲੂਐਂਜ਼ਾ’ ਵਾਇਰਸ ਕਾਰਨ ਹੁੰਦਾ ਹੈ। ਐੱਚ1 ਐੱਨ1 ਇਕ ਕਿਸਮ ਦਾ ਇਨਫਲੂਐਂਜ਼ਾ ‘ਏ’ ਵਾਇਰਸ ਹੈ ਅਤੇ ਐੱਚ1 ਐੱਨ1 ਫਲੂ ਦੇ ਵਾਇਰਸਾਂ ਵਿਚੋਂ ਇਕ ਹੈ, ਜੋ ਮੌਸਮੀ ਫਲੂ ਦਾ ਕਾਰਨ ਬਣ ਸਕਦਾ ਹੈ। ਡਾਕਟਰ ਮੁਤਾਬਕ ਜਿਹੜੇ ਲੋਕ ਪਹਿਲਾਂ ਹੀ ਕੋਵਿਡ-19 ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ, ਉਨ੍ਹਾਂ ਨੂੰ ਕਿਸੇ ਵੀ ਸਮੇਂ ਫਲੂ ਦਾ ਟੀਕਾ ਲੱਗ ਸਕਦਾ ਹੈ।

Tanu

This news is Content Editor Tanu