ਟਿਕ-ਟਾਕ ਵੀਡੀਓ ਬਣਾਉਂਦੇ ਸਮੇਂ ਝੀਲ ''ਚ ਡੁੱਬਿਆ 22 ਸਾਲਾ ਨੌਜਵਾਨ, ਮੌਤ

07/12/2019 10:17:11 AM

ਤੇਲੰਗਾਨਾ— ਹੈਦਰਾਬਾਦ 'ਚ 22 ਸਾਲਾ ਇਕ ਨੌਜਵਾਨ ਝੀਲ 'ਚ ਡੁੱਬ ਗਿਆ। ਉਹ ਇੱਥੇ ਟਿਕ-ਟਾਕ ਲਈ ਇਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਗੱਲ ਪੁਲਸ ਨੇ ਦੱਸੀ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਪਰ ਇਸ ਬਾਰੇ ਵੀਰਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਪੇਟ ਬਸ਼ੀਰਾਬਾਦ ਪੁਲਸ ਨੇ ਮਾਮਲਾ ਦਰਜ ਕਰ ਕੇ ਵੀਡੀਓ ਜ਼ਬਤ ਕੀਤੀ। ਪੁਲਸ ਅਨੁਸਾਰ ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲੇ ਦਾ ਰਹਿਣ ਵਾਲਾ ਨਰਸਿਮਹਾ ਮੰਗਲਵਾਰ ਨੂੰ ਆਪਣੇ ਚਚੇਰੇ ਭਰਾ ਪ੍ਰਸ਼ਾਂਤ ਦੇ ਘਰ ਕੁਤਬੁੱਲਾਪੁਰ ਬਲਾਕ ਦੇ ਦੁਲਾਪੱਲੀ ਪਿੰਡ ਪਹੁੰਚਿਆ ਸੀ। ਦੋਵੇਂ ਕੋਲ ਹੀ ਤੁਮਕੁਰ ਝੀਲ 'ਚ ਆਪਣੇ ਮੋਬਾਇਲ 'ਤੇ ਵੀਡੀਓ ਬਣਾਉਣ ਲਈ ਪਹੁੰਚੇ। ਜਿਸ ਨੂੰ ਉਹ ਬਾਅਦ 'ਚ ਟਿਕ-ਟਾਕ 'ਤੇ ਅਪਲੋਡ ਕਰਨਾ ਚਾਹੁੰਦੇ ਸਨ। ਦੋਵੇਂ ਝੀਲ ਦੇ ਅੰਦਰ ਪਹੁੰਚੇ ਅਤੇ ਉਨ੍ਹਾਂ ਨੇ ਝੀਲ ਦੇ ਅੰਦਰ ਡਾਂਸ ਕਰਦੇ ਹੋਏ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ। ਬਾਅਦ 'ਚ ਪ੍ਰਸ਼ਾਂਤ ਝੀਲ ਦੇ ਕਿਨਾਰੇ ਆ ਗਿਆ ਅਤੇ ਨਰਸਿਮਹਾ ਦੀ ਝੀਲ 'ਚ ਡਾਂਸ ਕਰਦੇ ਹੋਏ ਵੀਡੀਓ ਬਣਾਉਣ ਲੱਗਾ।

ਮ੍ਰਿਤਕ ਨੂੰ ਤੈਰਨਾ ਨਹੀਂ ਆਉਂਦਾ ਸੀ
ਪੇਟ ਬਸ਼ੀਰਾਬਾਦ ਪੁਲਸ ਇੰਸਪੈਕਟਰ ਐੱਮ. ਮਹੇਸ਼ ਨੇ ਕਿਹਾ,''ਇਕ ਮਿੰਟ ਬਾਅਦ ਨਰਸਿਮਹਾ ਪਾਣੀ 'ਚ ਥੋੜ੍ਹੀ ਹੋਰ ਡੂੰਘਾਈ 'ਚ ਚੱਲਾ ਗਿਆ ਪਰ ਉਸ ਨੇ ਪਾਣੀ ਦੇ ਅੰਦਰ ਖੱਡ ਨੂੰ ਨਹੀਂ ਦੇਖਿਆ। ਉਹ ਖੱਡ 'ਚ ਡਿੱਗ ਗਿਆ ਅਤੇ ਬਾਹਰ ਨਹੀਂ ਨਿਕਲ ਸਕਿਆ, ਕਿਉਂਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ।'' ਝੀਲ 'ਚ ਨਰਸਿਮਹਾ ਨੂੰ ਡੁੱਬਦੇ ਹੋਏ ਬਹੁਤ ਸਾਰੇ ਲੋਕਾਂ ਨੇ ਦੇਖਿਆ। ਕੁਝ ਸਥਾਨਕ ਲੋਕਾਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਤੈਰਾਕਾਂ ਨਾਲ ਮੌਕੇ 'ਤੇ ਪਹੁੰਚੀ ਪਰ ਹਨ੍ਹੇਰਾ ਹੋਣ ਕਾਰਨ ਉਹ ਝੀਲ 'ਚ ਨਹੀਂ ਉਤਰ ਸਕੇ। ਬੁੱਧਵਾਰ ਸਵੇਰੇ ਉਨ੍ਹਾਂ ਨੇ ਲਾਸ਼ ਝੀਲ 'ਚੋਂ ਬਾਹਰ ਕੱਢੀ। ਪੁਲਸ ਇੰਸਪੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀਡੀਓ ਜ਼ਬਤ ਕਰ ਲਈ ਹੈ ਅਤੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।

DIsha

This news is Content Editor DIsha