Tik Tok ਵੀਡੀਓ 'ਚ ਦਿੱਲੀ ਪੁਲਸ ਦੀ ਗੱਡੀ ਦਾ ਇਸਤੇਮਾਲ

06/27/2019 7:10:31 PM

ਨਵੀਂ ਦਿੱਲੀ: ਟਿਕ-ਟਾਕ ਲਈ ਲੋਕਾਂ ਦੀ ਦੀਵਾਨਗੀ ਵੱਧਦੀ ਜਾ ਰਹੀ ਹੈ। ਲੋਕ ਅਜਿਹੇ ਕੰਮ ਵੀ ਕਰਨ ਲਈ ਕ੍ਰੇਜੀ ਹੋਈ ਜਾ ਰਹੇ ਹਨ ਜਿਨ੍ਹਾਂ ਨੂੰ ਕਰਨਾ ਕਾਨੂੰਨੀ ਜੁਰਮ ਹੈ। ਲੋਕ ਆਪਣੀ ਜਾਨ ਤਕ ਦੀ ਪਰਵਾਹ ਨਹੀਂ ਕਰ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਟਿਕ ਟਾਕ ਵੀਡੀਓ ਸ਼ੂਟ ਕਰਨ ਲਈ ਦਿੱਲੀ ਪੁਲਸ ਦੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਇਕ ਸ਼ਰਟਲੈਸ ਵਿਅਕਤੀ ਕਾਰ ਦਾ ਦਰਵਾਜਾ ਖੋਲ ਕੇ ਹੈਰਤਅੰਗੇਜ ਤਰੀਕੇ ਨਾਲ ਚੱਲਦੀ ਕਾਰ ਦੀ ਛੱਤ 'ਤੇ ਜਾ ਕੇ ਪੁਸ਼-ਅਪਸ ਮਾਰਦਾ ਹੈ। ਡਿਪਸ ਮਾਰਨ ਤੋਂ ਬਾਅਦ ਵਿਅਕਤੀ ਕਾਰ ਤੋਂ ਛਾਲ ਮਾਰ ਦਿੰਦਾ ਹੈ। ਵਾਇਰਲ ਵੀਡੀਓ 'ਚ ਸਾਫ ਦਿਸ ਰਿਹਾ ਹੈ ਕਿ ਇਕ ਅਰਟਿਗਾ ਕਾਰ 'ਤੇ ਦਿੱਲੀ ਪੁਲਸ ਲਿਖਿਆ ਹੋਇਆ ਹੈ ਕਾਰ 'ਚ ਰੈਡ ਬੇਕਨ ਲਾਈਟ ਵੀ ਲੱਗੀ ਹੋਈ ਹੈ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਗੱਡੀ ਦਾ ਇਸਤੇਮਾਲ ਦਿੱਲੀ ਪੁਲਸ ਦੇ ਐਸ. ਪੀ. ਪੱਧਰ ਦੇ ਅਧਿਕਾਰੀ ਕਰਦੇ ਹਨ। ਦਿੱਲੀ ਪੁਲਸ ਲਿਖੀ ਕਾਰ ਤੇ ਲਾਲ ਬੱਤੀ ਲੱਗੀ ਗੱਡੀ 'ਤੇ ਸਟੰਟਬਾਜ਼ੀ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਸ ਦੇ ਸੀਨੀਅਰ ਅਫਸਰਾਂ 'ਚ ਹੜਕੰਪ ਮਚਾ ਹੈ। ਸੋਸ਼ਲ ਮੀਡੀਆ ਯੂਜਰਜ਼ ਇਸ ਵੀਡੀਓ 'ਤੇ ਦਿੱਲੀ ਪੁਲਸ ਨਾਲ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਰਹੇ ਹਨ। ਲੋਕ ਦਿੱਲੀ ਪੁਲਸ ਤੋਂ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।