ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?

02/22/2020 11:21:53 AM

ਨਵੀਂ ਦਿੱਲੀ— ਨਿਰਭਯਾ ਕੇਸ 'ਚ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ ਪ੍ਰਸ਼ਾਸਨ ਨੇ ਲਿਖਤੀ ਤੌਰ 'ਤੇ ਸੂਚਨਾ ਦਿੱਤੀ ਹੈ ਕਿ ਅੰਤਿਮ ਮੁਲਾਕਾਤ ਜਦੋਂ ਕਰਨੀ ਹੋਵੇ, ਉਹ ਆਪਣੇ ਪਰਿਵਾਰ ਅਤੇ ਜੇਲ ਪ੍ਰਸ਼ਾਸਨ ਨੂੰ ਦੱਸ ਦੇਣ। ਨਵੇਂ ਆਦੇਸ਼ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੁਕੇਸ਼ ਅਤੇ ਪਵਨ ਆਖਰੀ ਮੁਲਾਕਾਤ ਕਰ ਚੁਕੇ ਹਨ। ਦੋਸ਼ੀ ਅਕਸ਼ੇ ਅਤੇ ਵਿਨੇ ਨੂੰ ਵੀ ਪਰਿਵਾਰ ਵਾਲਿਆਂ ਨਾਲ ਅੰਤਿਮ ਮੁਲਾਕਾਤ ਲਈ ਕਿਹਾ ਜਾ ਚੁਕਿਆ ਹੈ। ਤਿਹਾੜ ਜੇਲ ਦੇ ਅਧਿਕਾਰੀਆਂ ਅਨੁਸਾਰ ਦੋਸ਼ੀ ਮੁਕੇਸ਼ ਅਤੇ ਪਵਨ ਪਿਛਲੇ ਮਹੀਨੇ (ਇਕ ਫਰਵਰੀ ਨੂੰ ਫਾਂਸੀ ਦੇਣ ਦਾ ਫੈਸਲਾ ਹੋਣ ਤੋਂ ਪਹਿਲਾਂ) ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਚੁਕੇ ਹਨ। ਉੱਥੇ ਹੀ ਹੁਣ ਅਕਸ਼ੈ ਅਤੇ ਵਿਨੇ ਨੂੰ ਵੀ ਪੁੱਛਿਆ ਗਿਆ ਹੈ ਕਿ ਉਹ ਆਖਰੀ ਵਾਰ ਆਪਣੇ ਪਰਿਵਾਰ ਵਾਲਿਆਂ ਨੂੰ ਕਦੋਂ ਮਿਲਣਾ ਚਾਹੁੰਦੇ ਹਨ।

ਤੀਜੀ ਵਾਰ ਜਾਰੀ ਕੀਤਾ ਗਿਆ ਹੈ ਡੈੱਥ ਵਾਰੰਟ
ਦੱਸਣਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਨੂੰ ਤੀਜੀ ਵਾਰ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈੱਥ ਵਾਰੰਟ ਅਨੁਸਾਰ ਚਾਰੇ ਦੋਸ਼ੀਆਂ ਨੂੰ 3 ਮਾਰਚ ਦੀ ਸਵੇਰ 6 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 2 ਵਾਰ ਦੋਸ਼ੀਆਂ ਨੂੰ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ। ਸਭ ਤੋਂ ਪਹਿਲਾਂ 22 ਜਨਵਰੀ ਨੂੰ ਫਾਂਸੀ ਦੀ ਤਾਰੀਕ ਤੈਅ ਹੋਈ ਸੀ। ਦੂਜੀ ਵਾਰ ਇਕ ਫਰਵਰੀ ਨੂੰ ਫਾਂਸੀ ਦੀ ਤਾਰੀਕ ਤੈਅ ਕੀਤੀ ਗਈ ਸੀ ਪਰ ਦੋਸ਼ੀਆਂ ਦੇ ਵਕੀਲ ਨੇ ਕਾਨੂੰਨੀ ਦਾਅ ਪੇਚ ਲਗਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ।

ਇਹ ਸੀ ਪੂਰਾ ਮਾਮਲਾ
ਦੱਸਣਯੋਗ ਹੈ ਕਿ 16 ਦਸੰਬਰ 2012 ਨੂੰ 23 ਸਾਲਾ ਇਕ ਪੈਰਾ-ਮੈਡੀਕਲ ਵਿਦਿਆਰਥਣ ਆਪਣੇ ਦੋਸਤ ਨਾਲ ਦੱਖਣੀ ਦਿੱਲੀ ਦੇ ਮੁਨਿਰਕਾ ਇਲਾਕੇ 'ਚ ਬੱਸ ਸਟੈਂਡ 'ਤੇ ਖੜ੍ਹੀ ਸੀ। ਦੋਵੇਂ ਫਿਲਮ ਦੇਖ ਕੇ ਘਰ ਆਉਣ ਲਈ ਪਬਲਿਕ ਟਰਾਂਸਪੋਟ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਉਹ ਉੱਥੋਂ ਲੰਘ ਰਹੀ ਇਕ ਪ੍ਰਾਈਵੇਟ ਬੱਸ 'ਚ ਸਵਾਰ ਹੋ ਗਏ। ਇਸ ਚੱਲਦੀ ਬੱਸ 'ਚ ਨਾਬਾਲਗ ਸਮੇਤ 6 ਲੋਕਾਂ ਨੇ ਵਿਦਿਆਰਥਣ ਨਾਲ ਬੇਰਹਿਮ ਤਰੀਕੇ ਨਾਲ ਕੁੱਟਮਾਰ ਅਤੇ ਗੈਂਗਰੇਪ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤਾ ਨੂੰ ਜ਼ਖਮੀ ਹਾਲਤ 'ਚ ਚੱਲਦੀ ਬੱਸ ਤੋਂ ਸੁੱਟ ਦਿੱਤਾ ਸੀ। ਬੁਰੀ ਤਰ੍ਹਾਂ ਜ਼ਖਮੀ ਪੀੜਤਾ ਨੂੰ ਬਿਹਤਰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ। ਜਿੱਥੇ 29 ਦਸੰਬਰ 2012 ਨੂੰ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੀੜਤਾ ਨੂੰ 'ਨਿਰਭਯਾ' ਨਾਂ ਦਿੱਤਾ ਗਿਆ ਸੀ।


DIsha

Content Editor

Related News