ਠੱਗ ਚੰਦਰਸ਼ੇਖਰ ਦਾ ਦਾਅਵਾ- ‘ਆਪ’ ਨੂੰ ਦਿੱਤੇ 50 ਕਰੋੜ, ਮੰਤਰੀ ਸਤੇਂਦਰ ਨੇ ਵਸੂਲੇ 10 ਕਰੋੜ

11/02/2022 11:07:54 AM

ਨਵੀਂ ਦਿੱਲੀ- ਜੇਲ੍ਹ ’ਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੂੰ ਚਿੱਠੀ ਲਿਖ ਕੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਸਤੇਂਦਰ ਜੈਨ ’ਤੇ ਗੰਭੀਰ ਦੋਸ਼ ਲਾਏ ਹਨ। ਸੁਕੇਸ਼ ਨੇ ਦੱਸਿਆ ਕਿ ਜੇਲ੍ਹ ’ਚ ਸੁਰੱਖਿਆ ਅਤੇ ਸਹੂਲਤ ਦੇ ਨਾਂ ’ਤੇ ਜੈਨ ਨੇ 10 ਕਰੋੜ ਰੁਪਏ ਵਸੂਲੇ ਸਨ। ਇਹ ਰਕਮ ਉਸ ਦੇ ਇਕ ਕਰੀਬੀ ਦੋਸਤ ਰਾਹੀਂ ਲਈ ਗਈ ਸੀ। ਸੁਕੇਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਆਪ’ ਨੂੰ ਵੀ 50 ਕਰੋੜ ਰੁਪਏ ਦਿੱਤੇ ਸਨ ਅਤੇ ਬਦਲੇ ’ਚ ਪਾਰਟੀ ਨੇ ਦੱਖਣ ਭਾਰਤ ’ਚ ਜ਼ਿੰਮੇਵਾਰੀ ਸੌਂਪਣ ਦਾ ਵਾਅਦਾ ਕੀਤਾ ਸੀ। ਚੰਦਰਸ਼ੇਖਰ ਦੇ ਵਕੀਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਪ ਰਾਜਪਾਲ ਨੂੰ ਪੱਤਰ ਲਿਖ ਕੇ ਲਾਏ ਗੰਭੀਰ ਦੋਸ਼

ਚੰਦਰਸ਼ੇਖਰ ਇੱਥੋਂ ਦੀ ਮੰਡੋਲੀ ਜੇਲ ’ਚ ਬੰਦ ਹੈ ਅਤੇ ਉਸ ਨੇ 7 ਅਕਤੂਬਰ ਨੂੰ ਚਿੱਠੀ ਲਿਖੀ ਸੀ। ਚੰਦਰਸ਼ੇਖਰ ਦੇ ਵਕੀਲ ਅਸ਼ੋਕ ਕੇ. ਸਿੰਘ ਨੇ 8 ਅਕਤੂਬਰ ਨੂੰ ਉਹ ਚਿੱਠੀ ਉਪ ਰਾਜਪਾਲ ਵੀ. ਕੇ. ਸਕਸੈਨਾ ਨੂੰ ਸੌਂਪੀ ਸੀ। ਚਿੱਠੀ ’ਚ ਦੋਸ਼ ਲਾਇਆ ਗਿਆ ਹੈ ਕਿ ਚੰਦਰਸ਼ੇਖਰ ਨੂੰ ਦੱਖਣੀ ਖੇਤਰ ’ਚ ਪਾਰਟੀ ’ਚ ਅਹਿਮ ਅਹੁਦਾ ਦੇਣ ਅਤੇ ਰਾਜ ਸਭਾ ਲਈ ਨਾਮਜ਼ਦਗੀ ’ਚ ਮਦਦ ਕਰਨ ਲਈ ‘ਆਪ’ ਨੂੰ 50 ਕਰੋੜ ਰੁਪਏ ਤੋਂ ਵੱਧ ਦਿੱਤੇ ਗਏ।

ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ 2017 ’ਚ ‘ਦੋ ਪੱਤੀ ਚੋਣ ਨਿਸ਼ਾਨ ਭ੍ਰਿਸ਼ਟਾਚਾਰ ਕੇਸ’ ’ਚ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਸੀ ਅਤੇ ਜੈਨ ਨੇ ਉਸ ਨਾਲ ਮੁਲਾਕਾਤ ਕੀਤੀ ਸੀ, ਜੋ ਉਸ ਸਮੇਂ ਜੇਲ ਵਿਭਾਗ ਦੇ ਵੀ ਮੰਤਰੀ ਸੀ। ਚੰਦਰਸ਼ੇਖਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਸ ਤੋਂ ਬਾਅਦ 2019 ’ਚ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਸੈਕਟਰੀ ਤੇ ਉਨ੍ਹਾਂ ਦੇ ਕਰੀਬੀ ਦੋਸਤ ਸੁਸ਼ੀਲ ਨੇ ਫਿਰ ਜੇਲ੍ਹ ’ਚ ਉਨ੍ਹਾਂ ਮੁਲਾਕਾਤ ਕੀਤੀ। ਉਸ ਨੂੰ ਜੇਲ ’ਚ ਸੁਰੱਖਿਅਤ ਰਹਿਣ ਅਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਮਹੀਨੇ 2 ਕਰੋੜ ਰੁਪਏ ਦੇਣ ਲਈ ਕਿਹਾ।

ਚਿੱਠੀ ’ਚ ਅੱਗੇ ਦੋਸ਼ ਲਾਇਆ ਗਿਆ ਹੈ ਕਿ ਇਸ ਤਰ੍ਹਾਂ ਸਤੇਂਦਰ ਜੈਨ ਨੂੰ ਕੁੱਲ 10 ਕਰੋੜ ਰੁਪਏ ਅਤੇ 12.50 ਕਰੋੜ ਰੁਪਏ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੂੰ ਦਿੱਤੇ ਗਏ ਸਨ। ਚਿੱਠੀ ’ਚ ਇਹ ਵੀ ਕਿਹਾ ਗਿਆ ਹੈ ਕਿ ਚੰਦਰਸ਼ੇਖਰ ਨੇ ਇਨਫੋਰਸਮੈਂਟ ਡਾਇਕੈਰਟੋਰੇਟ (ਈ. ਡੀ.) ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਇਨ੍ਹਾਂ ਦੋਸ਼ਾਂ ’ਤੇ ਗੋਇਲ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ ਜੈਨ ਹੁਣ ਤਿਹਾੜ ’ਚ ਬੰਦ ਹੈ, ਉਹ ਮੈਨੂੰ ਡੀ. ਜੀ. ਜੇਲ੍ਹ ਅਤੇ ਜੇਲ੍ਹ ਪ੍ਰਸ਼ਾਸਨ ਰਾਹੀਂ ਧਮਕੀਆਂ ਦੇ ਰਿਹਾ ਹੈ। ਮੈਨੂੰ ਹਾਈ ਕੋਰਟ ’ਚ ਦਾਖਲ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਜਾ ਰਿਹਾ ਹੈ ਅਤੇ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਮੰਤਰੀ ਨੂੰ 10 ਕਰੋੜ ਦੇਣ ਦਾ ਦਾਅਵਾ ਮੋਰਬੀ ਹਾਦਸੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ : ਕੇਜਰੀਵਾਲ

ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੇ ਇਹ ਦੋਸ਼ ਮੋਰਬੀ ਘਟਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਕਿ ਉਸ ਨੇ ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਸਤੇਂਦਰ ਜੈਨ ਨੂੰ ‘ਸੁਰੱਖਿਆ ਧਨ’ ਵਜੋਂ 10 ਕਰੋੜ ਰੁਪਏ ਦਿੱਤੇ ਹਨ। ਕੇਜਰੀਵਾਲ ਨੇ ਚੰਦਰਸ਼ੇਖਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਇਕ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕੇਜਰੀਵਾਲ ਨੇ ਕਿਹਾ, ‘‘ਭਾਜਪਾ ਨੇ ਗੁਜਰਾਤ ’ਚ ਆਪਣੀ ਖਰਾਬ ਹਾਲਤ ਕਾਰਨ ਸੁਕੇਸ਼ ਨੂੰ ਖੜ੍ਹਾ ਕੀਤਾ ਹੈ। ਇਹ ਮੋਰਬੀ ਘਟਨਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।

 

Tanu

This news is Content Editor Tanu