ਕੁਪਵਾੜਾ ''ਚ ਘੁਸਪੈਠ ਦੀ ਵੱਡੀ ਸਾਜ਼ਿਸ਼ ਨਾਕਾਮ, 3 ਪਾਕਿਸਤਾਨੀ ਅੱਤਵਾਦੀ ਢੇਰ

08/19/2018 12:47:05 AM

ਸ਼੍ਰੀਗਰ— ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸ਼ਨੀਵਾਰ ਦੇਰ ਸ਼ਾਮ ਫੌਜ ਦੇ ਜਵਾਨਾਂ ਦੀ ਇਕ ਵੱਡੀ ਕਾਰਵਾਈ 'ਚ ਕੰਟਰੋਲ ਲਾਈਨ ਦੇ ਰਸਤੇ ਘੁਸਪੈਠ ਕਰ ਰਹੇ ਅੱਤਵਾਦੀਆਂ ਦੇ ਇਕ ਦਲ ਨੂੰ ਮਾਰ ਦਿੱਤਾ ਗਿਆ। ਕੰਟਰੋਲ ਲਾਈਨ ਨਾਲ ਲੱਗਦੇ ਤੰਗਧਾਰ ਸੈਕਟਰ 'ਚ ਪਿਛਲੇ 5 ਦਿਨਾਂ ਤੋਂ ਜਾਰੀ ਤਣਾਅ ਦੇ ਵਿਚਾਲੇ ਸ਼ਨੀਵਾਰ ਨੂੰ 3 ਅੱਤਵਾਦੀਆਂ ਨੂੰ ਘੁਸਪੈਠ ਦੀ ਕੋਸ਼ਿਸ਼ ਦੌਰਾਨ ਢੇਰ ਕਰ ਦਿੱਤਾ ਗਿਆ। ਇਸ ਆਪ੍ਰੇਸ਼ਨ ਤੋਂ ਬਾਅਦ ਤੰਗਧਾਰ 'ਚ ਫੌਜ ਤੇ ਪੈਰਾ ਫੋਰਸਸ ਦੀ ਟੀਮ ਵੱਡਾ ਸਰਚ ਆਪ੍ਰੇਸ਼ਨ ਚਲਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਜਵਾਨਾਂ ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਕੰਟਰੋਲ ਲਾਈਨ ਦੇ ਨੇੜੇ ਦੇ ਇਲਾਕਿਆਂ 'ਚ ਕੁਝ ਸ਼ੱਕੀ ਸਰਗਰਮੀ ਦੇਖੀ। ਇਸ ਤੋਂ ਬਾਅਦ ਜਵਾਨਾਂ ਨੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਆਪ੍ਰੇਸ਼ਨ ਚਲਾਇਆ। ਇਸ ਘੇਰਾਬੰਦੀ ਦੌਰਾਨ ਫਿਦਾਇਨ ਦਸਤੇ 'ਚ ਸ਼ਾਮਲ ਅੱਤਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਤਿੰਨ ਅੱਤਵਾਦੀ ਮਾਰੇ ਗਏ।
ਕੁਪਵਾੜਾ 'ਚ ਕਈ ਦਿਨਾਂ ਤੋਂ ਜਾਰੀ ਤਣਾਅ
ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਕੁਪਵਾੜਾ 'ਚ ਸ਼ੁੱਕਰਵਾਰ ਦੇਰ ਰਾਤ ਭਾਰੀ ਗੋਲੀਬਾਰੀ ਸ਼ੁਰੂ ਕੀਤੀ ਗਈ ਸੀ। ਸ਼ੁੱਕਰਵਾਰ ਰਾਤ ਪਾਕਿਸਤਾਨ ਵਲੋਂ ਸੀਜ਼ ਫਾਇਰ ਉਲੰਘਣ ਕਰਨ ਤੋਂ ਬਾਅਦ ਸ਼ਨੀਵਾਰ ਸਵੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਕੁਪਵਾੜਾ 'ਚ ਦੋ ਸਥਾਨਕ ਨਾਗਰਿਕ ਵੀ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 16 ਅਗਸਤ ਨੂੰ ਵੀ ਕੁਪਵਾੜਾ ਦੇ ਨੌਗਾਮ ਸੈਕਟਰ 'ਚ ਵੀ ਫੌਜ ਨੇ ਘੁਸਪੈਠ ਦੀ ਇਕ ਸਾਜ਼ਿਸ਼ ਨੂੰ ਅਸਫਲ ਕੀਤਾ ਸੀ। ਇਸ ਕਾਰਵਾਈ 'ਚ ਫੌਜ ਦੇ ਚਾਰ ਜਵਾਨ ਜ਼ਖਮੀ ਹੋਏ ਸਨ।