CAA ਖਿਲਾਫ ਦਿੱਲੀ 'ਚ ਅੱਜ ਵੀ ਪ੍ਰਦਰਸ਼ਨ, ਜਾਮਿਆ ਸਮੇਤ ਤਿੰਨ ਮੈਟਰੋ ਸਟੇਸ਼ਨ ਰਹਿਣਗੇ ਬੰਦ

12/20/2019 9:22:33 AM

ਨਵੀਂ ਦਿੱਲੀ — ਦੇਸ਼ ਭਰ 'ਚ ਨਾਗਰਿਕਤਾ ਕਾਨੂੰਨ ਅਤੇ NRC ਨੂੰ ਲੈ ਕੇ ਚਲ ਰਿਹਾ ਅੰਦੋਲਨ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਅੱਜ ਜਾਮਿਆ ਮਿਲਿਆ ਇਸਲਾਮੀਆ 'ਚ ਜੁਮੇ ਦੀ ਨਮਾਜ਼ ਦੇ ਬਾਅਦ ਦੁਪਹਿਰ 2 ਵਜੇ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਦਿੱਲੀ ਮੈਟਰੋ ਅਨੁਸਾਰ ਅੱਜ ਜਾਮਿਆ ਮਿਲਿਆ ਇਸਲਾਮੀਆ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਬੰਦ ਰੱਖੇ ਜਾਣਗੇ। ਡੀ.ਐਮ.ਆਰ.ਸੀ. ਮੁਤਾਬਕ ਇਨ੍ਹਾਂ ਤਿੰਨਾਂ ਸਟੇਸ਼ਨਾਂ ਦੇ ਗੇਟ ਬੰਦ ਰਹਿਣਗੇ ਅਤੇ ਇਥੇ ਟ੍ਰੇਨਾਂ ਵੀ ਨਹੀਂ ਰੁਕਣਗੀਆਂ।

ਸੂਤਰਾਂ ਅਨੁਸਾਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਇਤਿਹਾਸਕ ਜਾਮਾ ਮਸਜਿਦ 'ਤੇ ਇਕ ਵੱਡਾ ਪ੍ਰਦਰਸ਼ਨ ਹੋਵੇਗਾ। ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਮਾਰਚ ਕੀਤਾ ਜਾਵੇਗਾ। ਇਸ 'ਚ ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਵੀ ਸ਼ਾਮਲ ਹੋਣਗੇ। ਪ੍ਰਦਰਸ਼ਨ ਨਾਲ ਨਜਿੱਠਣ ਲਈ ਦਿੱਲੀ ਪੁਲਸ ਨੇ ਉੱਤਰ-ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਦੇ ਕਪਤਾਨ ਅਤੇ ਕਮਿਸ਼ਨਰ ਨਾਲ ਗੱਲ ਕਰਕੇ ਸ਼ਾਂਤੀ ਬਣਾਏ ਰੱਖਣ ਦੀ ਮਦਦ ਮੰਗੀ ਹੈ।

ਜ਼ਿਕਰਯੋਗ ਹੈ ਕਿ ਸੋਧੇ ਨਾਗਰਿਕਤਾ ਕਾਨੂੰਨ(ਸੀਏਏ) ਦੇ ਵਿਰੋਧ 'ਚ ਰਾਜਧਾਨੀ ਵੀਰਵਾਰ ਨੂੰ ਇਕ ਖੌਫ 'ਚ ਰਹੀ। ਜਿਥੇ ਸੜਕਾਂ 'ਤੇ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਅਤੇ ਰੈਲੀਆਂ ਕੱਢੀਆਂ ਗਈਆਂ, ਉਥੇ ਲਾਲ ਕਿਲ੍ਹੇ  ਅਤੇ ਜੰਤਰ-ਮੰਤਰ 'ਤੇ ਹਜ਼ਾਰਾਂ ਦੀ ਸੰਖਿਆ ਵਿਚ ਲੋਕਾਂ ਨੇ ਇਸ ਵਿਰੋਧ ਦਾ ਪ੍ਰਦਰਸ਼ਨ ਕੀਤਾ। ਸੀਲਮਪੁਰ, ਤੁਰਕਮਾਨ ਗੇਟ ਸਮੇਤ ਮੁਸਲਿਮ ਇਲਾਕਿਆਂ 'ਚ ਸ਼ਾਂਤੀ ਬਣੀ ਰਹੀ। ਹਾਲਾਂਕਿ ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਕਰੀਬ 126 ਲੋਕਾਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ ਨੂੰ ਦੇਰ ਸ਼ਾਮ ਛੱਡ ਦਿੱਤਾ ਗਿਆ।