ਗੁਜਰਾਤ ਨੂੰ ਬਦਨਾਮ ਕਰਨ ਵਾਲੇ ਵਿਧਾਨ ਸਭਾ ਚੋਣਾਂ ’ਚ ਸੂਬੇ ਤੋਂ ਬਾਹਰ ਭੇਜ ਦਿੱਤੇ ਜਾਣਗੇ : ਮੋਦੀ

11/07/2022 11:54:56 AM

ਨਾਨਾ ਪਾਂਧਾ (ਗੁਜਰਾਤ) (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਿਹਾ ਕਿ ਨਫ਼ਰਤ ਫੈਲਾਉਣ ਅਤੇ ਗੁਜਰਾਤ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਵਿੱਚੋਂ ਬਾਹਰ ਭੇਜ ਦਿੱਤਾ ਜਾਵੇਗਾ।
ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਆਪਣੇ ਗ੍ਰਹਿ ਸੂਬੇ ’ਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਗੁਜਰਾਤੀ ’ਚ ਨਵਾਂ ਨਾਅਰਾ ਦਿੱਤਾ, ‘ਆ ਗੁਜਰਾਤ ਮੇ ਬਨਾਵਿਊ ਛੇ’ ਭਾਵ ਮੈਂ ਇਸ ਗੁਜਰਾਤ ਨੂੰ ਬਣਾਇਆ ਹੈ। ਇੰਨਾ ਹੀ ਨਹੀਂ, ਮੋਦੀ ਨੇ ਆਪਣੇ 25 ਮਿੰਟ ਦੇ ਭਾਸ਼ਣ ਵਿੱਚ ਲੋਕਾਂ ਕੋਲੋਂ ਕਈ ਵਾਰ ਇਹ ਨਾਅਰਾ ਲੁਆਇਆ।

ਉਨ੍ਹਾਂ ਕਿਹਾ ਕਿ ਨਫਰਤ ਫੈਲਾਉਣ ਤੇ ਫੁੱਟ ਪਾਉਣ ਵਾਲੀਆਂ ਤਾਕਤਾਂ ਜਿਨ੍ਹਾਂ ਨੇ ਗੁਜਰਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੂੰ ਗੁਜਰਾਤ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਨ੍ਹਾਂ ਚੋਣ ਵਿਚ ਵੀ ਉਨ੍ਹਾਂ ਦਾ ਇਹੀ ਭਵਿੱਖ ਹੋਵੇਗਾ। ਮੋਦੀ ਨੇ ਕਿਹਾ ਕਿ ਦਿੱਲੀ ਵਿਚ ਬੈਠ ਕੇ ਮੈਨੂੰ ਇਹ ਖਬਰਾਂ ਮਿਲ ਰਹੀਆਂ ਹਨ ਕਿ ਭਾਜਪਾ ਇਸ ਵਾਰ ਰਿਕਾਰਡ ਵੋਟਾਂ ਨਾਲ ਗੁਜਰਾਤ ’ਚ ਜਿੱਤੇਗੀ। ਮੈਂ ਇੱਥੇ ਆਪਣਾ ਪੁਰਾਣਾ ਰਿਕਾਰਡ (ਭਾਜਪਾ ਲਈ ਜਿੱਤ ਦਾ ਫਰਕ) ਤੋੜਨ ਆਇਆ ਹਾਂ। ਮੈਂ ਗੁਜਰਾਤ ਭਾਜਪਾ ਨੂੰ ਕਿਹਾ ਹੈ ਕਿ ਮੈਂ ਤੁਹਾਨੂੰ ਪ੍ਰਚਾਰ ਲਈ ਵੱਧ ਤੋਂ ਵੱਧ ਸਮਾਂ ਦੇਣ ਲਈ ਤਿਆਰ ਹਾਂ।

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਲਈ ਪੋਲਿੰਗ 2 ਪੜਾਵਾਂ ਵਿੱਚ 1 ਅਤੇ 5 ਦਸੰਬਰ ਨੂੰ ਹੋਣੀ ਹੈ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। 182 ਮੈਂਬਰੀ ਵਿਧਾਨ ਸਭਾ ਲਈ 2017 ਦੀਆਂ ਚੋਣਾਂ ’ਚ ਭਾਜਪਾ ਨੇ 99 ਸੀਟਾਂ ਜਿੱਤੀਆਂ ਸਨ । ਕਾਂਗਰਸ ਨੂੰ 77 ਸੀਟਾਂ ਮਿਲੀਆਂ ਸਨ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ।

Rakesh

This news is Content Editor Rakesh