ਹੜ੍ਹ ਦੀ ਸਹੀ ਭਵਿੱਖਬਾਣੀ ਕਰ ਲੋਕਾਂ ਦੀ ਜਾਨ ਬਚਾਏਗਾ TERI ਦਾ ਇਹ ਖਾਸ ਸਿਸਟਮ

08/17/2020 8:05:07 PM

ਨਵੀਂ ਦਿੱਲੀ - ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (NDMA) ਦੇ ਅਨੁਸਾਰ ਇਸ ਸਾਲ ਹੜ੍ਹ ਕਾਰਨ 868 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਬਿਹਾਰ 'ਚ ਹੜ੍ਹ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਦਰਜਨਾਂ ਜ਼ਿਲ੍ਹਿਆਂ ਦੀ ਲੱਗਭੱਗ 78 ਲੱਖ ਆਬਾਦੀ ਇਸ ਸਮੇਂ ਹੜ੍ਹ ਦੀ ਭਿਆਨਕ ਮਾਰ ਝੱਲ ਰਹੀ ਹੈ।  ਅਸਾਮ 'ਚ ਹੜ੍ਹ ਕਾਰਨ 136 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਹੜ੍ਹ ਕਾਰਨ ਹਜ਼ਾਰਾਂ ਕਰੋੜਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚ ਚੁੱਕਾ ਹੈ। ਪਿਛਲੇ ਸਾਲ ਵੀ 12 ਅਗਸਤ ਤੱਕ ਹੜ੍ਹ ਕਾਰਨ ਦੇਸ਼ 'ਚ 908 ਲੋਕਾਂ ਦੀ ਮੌਤ ਹੋ ਗਈ ਸੀ। ਹੜ੍ਹ ਦੀ ਇਸ ਹਾਲਤ ਨੂੰ ਦੇਖਦੇ ਹੋਏ ਇੱਕ ਅਜਿਹੇ ਸਿਸਟਮ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਸਕਦੀ ਹੈ, ਜੋ ਸਮਾਂ ਰਹਿੰਦੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਸਕੇ ਕਿ ਉਨ੍ਹਾਂ ਦੇ ਖੇਤਰ 'ਚ ਅਗਲੇ ਦੋ-ਤਿੰਨ ਦਿਨ 'ਚ ਹੜ੍ਹ ਦੀ ਹਾਲਤ ਕਿਹੋ ਜਿਹੀ ਹੋ ਸਕਦੀ ਹੈ। ਅਜਿਹਾ ਸਿਸਟਮ ਹੋਣ ਨਾਲ ਨਾ ਸਿਰਫ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ, ਸਗੋਂ ਜਾਇਦਾਦ  ਦੇ ਨੁਕਸਾਨ ਨੂੰ ਵੀ ਕਾਫ਼ੀ ਘੱਟ ਕੀਤਾ ਜਾ ਸਕੇਗਾ। 
 
ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ਟੇਰੀ ਨੇ ਇੱਕ ਅਜਿਹਾ ਹੀ ਸਿਸਟਮ ਵਿਕਸਿਤ ਕੀਤਾ ਹੈ, ਜੋ ਲੋਕਾਂ ਨੂੰ ਉਨ੍ਹਾਂ ਦੇ ਖੇਤਰ 'ਚ ਹੜ੍ਹ ਆਉਣ ਦੀ ਪਹਿਲਾਂ ਹੀ ਸੂਚਨਾ ਦੇ ਸਕੇਗਾ। ਇਸ ਨੂੰ ‘ਫਲੱਡ ਅਰਲੀ ਵਾਰਨਿੰਗ ਸਿਸਟਮ’ (FEWS) ਦਾ ਨਾਮ ਦਿੱਤਾ ਗਿਆ ਹੈ।

ਇਹ ਸਿਸਟਮ ਭਾਰਤੀ ਮੌਸਮ ਵਿਭਾਗ ਵਲੋਂ ਪ੍ਰਾਪਤ ਸੰਭਾਵਿਕ ਬਾਰਿਸ਼ ਦੀ ਭਵਿੱਖਬਾਣੀ, ਕਿਸੇ ਸ਼ਹਿਰ ਦੀ ਭੂਗੋਲਿਕ ਹਾਲਤ, ਸ਼ਹਿਰ ਦੇ ਨਜ਼ਦੀਕ ਵਗਣ ਵਾਲੀ ਨਦੀ ਦੀ ਪਾਣੀ ਦੀ ਸਮਰੱਥਾ, ਸ਼ਹਿਰ ਦੀ ਪਾਣੀ ਨਿਕਾਸ ਦੀ ਯੋਜਨਾ ਅਤੇ ਇਸ ਦੇ ਨਾਲਿਆਂ ਦੀ ਸਾਫ਼-ਸਫਾਈ 'ਤੇ ਹੋਏ ਕੰਮ ਦੇ ਵਿਆਪਕ ਮੁਲਾਂਕਣ 'ਤੇ ਕੰਮ ਕਰਦਾ ਹੈ।
 
ਇਸ ਪ੍ਰੋਜੇਕਟ 'ਤੇ ਕੰਮ ਕਰਨ ਵਾਲੇ ਮਾਹਰ ਪ੍ਰਸੂਨ ਸਿੰਘ ਨੇ ਦੱਸਿਆ ਕਿ ਕਿਸੇ ਵੀ ਜਗ੍ਹਾ ਆਉਣ ਵਾਲੀ ਹੜ੍ਹ ਕਈ ਚੀਜਾਂ 'ਤੇ ਨਿਰਭਰ ਕਰਦੀ ਹੈ। ਜਿਵੇਂ ਉਸ ਖੇਤਰ 'ਚ ਕਿਸੇ ਨਿਸ਼ਚਿਤ ਸਮੇਂ 'ਚ ਕਿੰਨਾ ਮੀਂਹ ਪੈਂਦਾ ਹੈ ਅਤੇ ਉਸ ਮੀਂਹ ਦੇ ਪਾਣੀ ਦੇ ਨਿਕਾਸੀ ਦੀ ਕੀ ਵਿਵਸਥਾ ਹੈ। ਸ਼ਹਿਰ ਕੋਲ ਵਗਣ ਵਾਲੀ ਨਦੀ ਦੀ ਪਾਣੀ ਦੀ ਸਮਰੱਥਾ ਕੀ ਹੈ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਸ਼ਹਿਰ ਦਾ ਢਾਂਚਾ ਕਿੰਨਾ ਵਿਕਸਿਤ ਕੀਤਾ ਗਿਆ ਹੈ।
 
ਇਸ ਆਨਲਾਈਨ ਸੈਲਫ ਮਾਨਿਟਰਿੰਗ ਸਿਸਟਮ 'ਚ ਮੀਂਹ ਹੋਣ ਦੀ ਸੰਭਾਵਨਾ ਦੀ ਜਾਣਕਾਰੀ ਭਾਰਤੀ ਮੌਸਮ ਵਿਭਾਗ ਵਲੋਂ ਲਈ ਜਾਂਦੀ ਹੈ। ਨਾਲ ਹੀ ਇਸ ਗੱਲ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਸ਼ਹਿਰ 'ਚ ਮੀਂਹ ਦੇ ਪਾਣੀ ਦੇ ਨਿਕਲਣ ਲਈ ਕਿੰਨਾ ਢਾਂਚਾ ਵਿਕਸਿਤ ਕੀਤਾ ਗਿਆ ਹੈ। ਨਾਲ ਹੀ ਨਾਲਿਆਂ ਦੀ ਸਾਫ਼-ਸਫਾਈ 'ਤੇ ਕਿੰਨਾ ਕੰਮ ਹੋਇਆ ਹੈ। ਇਸ ਸਭ ਦੀ ਗਿਣਤੀ ਕਰਨ ਤੋਂ ਬਾਅਦ ਸਿਸਟਮ ਖੁਦ ਇਹ ਦੱਸ ਸਕਦਾ ਹੈ ਕਿ ਅਗਲੇ ਦੋ-ਤਿੰਨ ਦਿਨਾਂ 'ਚ ਕਿਸੇ ਖੇਤਰ 'ਚ ਹੜ੍ਹ ਦੀ ਕੀ ਸਥਿਤੀ ਹੋ ਸਕਦੀ ਹੈ। 
 

Inder Prajapati

This news is Content Editor Inder Prajapati