ਇਹ ਨੇ ਦੁਨੀਆ ਦੇ ਸਭ ਤੋਂ ਸਸਤੇ ਅਤੇ ਮਹਿੰਗੇ ਸ਼ਹਿਰ, ਪੜ੍ਹੋ ਪੂਰੀ ਖਬਰ

03/20/2019 11:34:13 PM

ਵਾਸ਼ਿੰਗਟਨ - ਹਾਂਗਕਾਂਗ ਅਤੇ ਸਿੰਗਾਪੁਰ ਦੇ ਨਾਲ ਪੈਰਿਸ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਸ਼ੁਮਾਰ ਕੀਤਾ ਗਿਆ ਹੈ। ਇਕੋਨਾਮਿਸਟ ਇੰਟੈਲੀਜੈਂਸ ਯੁਨਿਟ (ਈ. ਈ. ਯੂ.) ਦੇ ਸਾਲਾਨਾ ਸਰਵੇਖਣ 'ਚ ਇਹ ਤਿੰਨੋਂ ਸ਼ਹਿਰ ਪਹਿਲੇ ਨੰਬਰ 'ਤੇ ਰਹੇ। ਪਿਛਲੇ 30 ਸਾਲਾ ਤੋਂ ਈ. ਈ. ਯੂ. 133 ਸ਼ਹਿਰਾਂ ਦੇ ਮੁੱਲਾਂ ਦਾ ਤੁਲਨਾਤਮਕ ਅਧਿਐਨ ਕਰਦਾ ਰਿਹਾ ਹੈ ਅਤੇ ਇਸ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ 3 ਸ਼ਹਿਰ ਇਕੱਠੇ ਟਾਪ ਨੰਬਰ 'ਤੇ ਆਏ ਹਨ।
ਪਿਛਲੇ ਸਾਲ ਦੇ ਸਰਵੇਖਣ 'ਚ ਮਹਿੰਗਾਈ ਦੇ ਮਾਮਲੇ 'ਚ ਟਾਪ 10 ਸ਼ਹਿਰਾਂ 'ਚ ਯੂਰਪ ਦੇ 4 ਸ਼ਹਿਰ ਸਨ, ਜਿਨ੍ਹਾਂ 'ਚ ਪੈਰਿਸ ਦੂਜੇ ਨੰਬਰ 'ਤੇ ਸੀ। ਇਸ ਸਰਵੇਖਣ 'ਚ ਬ੍ਰੇਡ ਜਿਹੇ ਆਮ ਸਮਾਨਾਂ ਦੇ ਦਾਮਾਂ ਦਾ ਤੁਲਨਾਮਤਕ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਪਤਾ ਕੀਤਾ ਜਾਂਦਾ ਹੈ ਕਿ ਨਿਊਯਾਰਕ ਦੇ ਮੁਕਾਬਲੇ ਉਸ ਸ਼ਹਿਰ 'ਚ ਦਾਮ ਕਿੰਨੇ ਹੇਠਾਂ-ਉੱਪਰ ਹੋਏ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੀ ਰੋਕਸਾਨਾ ਸਲਾਵਸ਼ੇਵਾ ਦਾ ਕਹਿਣਾ ਹੈ ਕਿ 2003 ਤੋਂ ਹੀ ਪੈਰਿਸ 10 ਸਭ ਤੋਂ ਮਹਿੰਗੇ ਸ਼ਹਿਰਾਂ ਦੀ ਲਿਸਟ 'ਚ ਰਿਹਾ ਹੈ। ਉਹ ਕਹਿੰਦੀ ਹੈ ਕਿ ਹੋਰ ਯੂਰਪੀ ਦੇਸ਼ਾਂ ਦੇ ਮੁਕਾਬਲੇ ਇਥੇ ਸਿਰਫ ਸ਼ਰਾਬ, ਆਵਾਜਾਈ ਅਤੇ ਤੰਬਾਕੂ ਹੀ ਸਸਤਾ ਹੈ। ਉਦਾਹਰਣ ਲਈ ਇਕ ਔਰਤ ਦੀ ਹੇਅਰ ਕਟਿੰਗ ਦਾ ਖਰਚ ਪੈਰਿਸ 'ਚ 119.04 ਡਾਲਰ ਹੈ, ਜਦਕਿ ਜ਼ਿਊਰਿਖ ਅਤੇ ਜਾਪਾਨ ਦੇ ਸ਼ਹਿਰ ਓਸਾਕਾ 'ਚ ਇਹ 73.97 ਅਤੇ 53.46 ਡਾਲਰ ਹੈ।

ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ

1. ਸਿੰਗਾਪੁਰ (ਸਿੰਗਾਪੁਰ)
2. ਪੈਰਿਸ (ਫਰਾਂਸ)
3. ਹਾਂਗਕਾਂਗ (ਚੀਨ)
4. ਜਿਊਰਿਖ (ਸਵਿਟਜ਼ਰਲੈਂਡ)
5. ਜੇਨੇਵਾ (ਸਵਿਟਜ਼ਰਲੈਂਡ)
6. ਓਸਾਕਾ (ਜਾਪਾਨ)
7. ਸਿਓਲ (ਦੱਖਣੀ ਕੋਰੀਆ)
8. ਕੋਪੇਨਹੇਗਨ (ਡੈਨਮਾਰਕ)
9. ਨਿਊਯਾਰਕ (ਅਮਰੀਕਾ)
10. ਤੇਲ ਅਵੀਵ (ਇਜ਼ਰਾਇਲ)
11. ਲਾਸ ਏਜੰਲਸ (ਅਮਰੀਕਾ)

ਇਸ ਸਾਲ ਦੀ ਰੈਂਕਿੰਗ 'ਚ ਮੁਦਰਾ ਦੇ ਮੁੱਲਾਂ 'ਚ ਉਤਾਰ-ਚੜਾਅ ਕਾਰਨ ਫਰਕ ਪੈਂਦਾ ਹੈ। ਇਸ ਕਾਰਨ ਅਰਜਨਟੀਨਾ, ਬ੍ਰਾਜ਼ੀਲ, ਤੁਰਕੀ ਅਤੇ ਵੈਨੇਜ਼ੁਏਲਾ ਜਿਹੇ ਦੇਸ਼ਾਂ 'ਚ ਖਰਚ 'ਚ ਕਾਫੀ ਕਮੀ ਆਈ ਹੈ। ਪਿਛਲੇ ਸਾਲ ਵੈਨੇਜ਼ੁਏਲਾ 'ਚ ਮਹਿੰਗਾਈ ਦਰ 10 ਲੱਖ ਫੀਸਦੀ ਤੱਕ ਪਹੁੰਚ ਗਈ ਸੀ ਜਿਸ ਕਾਰਨ ਸਰਕਾਰ ਨੂੰ ਨਵੀਂ ਕਰੰਸੀ ਸ਼ੁਰੂ ਕਰਨੀ ਪਈ ਸੀ। ਇਸ ਕਾਰਨ ਇਥੋਂ ਦਾ ਕਾਰਾਕਸ ਸ਼ਹਿਰ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਗਿਆ ਸੀ।

ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰ

1. ਕਾਰਾਕਸ (ਵੈਨੇਜ਼ੁਏਲਾ)
2. ਦਮਾਕਸ (ਸੀਰੀਆ)
3. ਤਾਸ਼ਕੰਦ (ਉਜ਼ਬੇਕਿਸਤਾਨ)
4. ਅਲਮਾਤੀ (ਕਜ਼ਾਖਿਸਤਾਨ)
5. ਬੈਂਗਲੁਰੂ (ਭਾਰਤ)
6. ਕਰਾਚੀ (ਪਾਕਿਸਤਾਨ)
7. ਲਾਗੋਸ (ਨਾਈਜ਼ੀਰੀਆ)
8. ਬਿਊਨਸ ਆਇਰਸ (ਅਰਜਨਟੀਨਾ)
9. ਚੇੱਨਈ (ਭਾਰਤ)
10. ਦਿੱਲੀ (ਭਾਰਤ)

Khushdeep Jassi

This news is Content Editor Khushdeep Jassi