ਦਿੱਲੀ ਪੂਰਨ ਰਾਜ ਹੁੰਦਾ ਤਾਂ ਬਦਲ ਦਿੰਦੇ ਉਸ ਦੀ ਸੂਰਤ- ਕੇਜਰੀਵਾਲ

10/14/2017 1:30:13 PM

ਨਵੀਂ ਦਿੱਲੀ— ਦਿੱਲੀ ਮੈਟਰੋ ਦਾ ਕਿਰਾਇਆ ਵਧਾਉਣ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਸਕੱਤਰ ਐੱਮ.ਐੱਮ. ਕੁਟੀ ਦਰਮਿਆਨ ਟਕਰਾਅ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਕੁਟੀ ਨੇ ਮੈਟਰੋ ਕਿਰਾਇਆ ਵਧਾਉਣ ਦੇ ਮਾਮਲੇ ਨਾਲ ਜੁੜੇ ਮੈਟਰੋ ਪ੍ਰਬੰਧਨ ਦੇ ਦਸਤਾਵੇਜ਼ਾਂ ਦੀ ਜਾਂਚ ਦਾ ਆਦੇਸ਼ ਜਾਰੀ ਕਰਨ ਦੇ ਕੇਜਰੀਵਾਲ ਦੇ ਨਿਰਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਕੇਜਰੀਵਾਲ ਨੇ ਕੁਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਦਿੱਲੀ ਪੂਰਨ ਰਾਜ ਹੁੰਦਾ ਤਾਂ ਗਵਰਨੈਂਸ (ਪ੍ਰਸ਼ਾਸਨ) ਦਾ ਅਜਿਹਾ ਮਾਡਲ ਤਿਆਰ ਕਰ ਕੇ ਦਿਖਾਉਂਦੇ ਕਿ ਪੂਰੀ ਦੁਨੀਆ ਦੇਖਦੀ।
ਕੇਜਰੀਵਾਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਕਿਹਾ ਕਿ ਮੈਟਰੋ ਕਿਰਾਇਆ ਵਧਣ ਤੋਂ ਰੋਕ ਕੇ ਜਾਂਚ ਕਰਵਾ ਲੈਂਦੇ ਹਾਂ ਪਰ ਜਵਾਬ 'ਚ ਚਿੱਠੀ ਆਇਆ ਕਿ 3 ਹਜ਼ਾਰ ਕਰੋੜ ਦਾ ਨੁਕਸਾਨ ਹਰ ਸਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਅਸੀਂ ਡੇਢ-ਡੇਢ ਹਜ਼ਾਰ ਕਰੋੜ ਰੁਪਏ ਦੇਣ ਲਈ ਤਿਆਰ ਹੋ ਗਏ ਤਾਂ ਕਿ ਦਿੱਲੀ ਦੇ ਲੋਕ ਮੈਟਰੋ ਇਸਤੇਮਾਲ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਟੇਸ਼ਨ 'ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ ਪਰ ਹੁਣ ਮੈਟਰੋ ਖਾਲੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਮੈਟਰੋ ਦਾ ਕੀ ਫਾਇਦਾ ਜੋ ਖਾਲੀ ਰਹੇ ਜਾਂ ਜਨਤਾ ਜਿਸ ਦੀ ਵਰਤੋਂ ਨਾ ਕਰ ਸਕੇ।
ਕੇਜਰੀਵਾਲ ਨੇ ਕਿਹਾ ਕਿ ਮੈਂ ਸੰਘਰਸ਼ ਕਰ ਰਿਹਾ ਹਾਂ, ਅੰਦਰ ਲੜਨਾ ਪੈ ਰਿਹਾ ਹੈ, ਕਹਿੰਦੇ ਹਨ ਦਿੱਲੀ ਅੱਧਾ ਰਾਜ ਹੈ ਪਰ ਮੈਂ ਤਾਂ ਕਹਿੰਦਾ ਹਾਂ ਇਕ ਚੌਥਾਈ ਰਾਜ ਵੀ ਨਹੀਂ ਹੈ। ਸਰਕਾਰ ਨੂੰ ਕੋਈ ਪਾਵਰ ਨਹੀਂ ਦੇ ਰੱਖੀ ਹੈ, ਇਸ ਦੇ ਬਾਵਜੂਦ ਉਹ ਕਰ ਕੇ ਦਿਖਾਇਆ ਜੋ 70 ਸਾਲਾਂ 'ਚ ਨਹੀਂ ਹੋਇਆ, ਜੇਕਰ ਦਿੱਲੀ ਪੂਰਾ ਰਾਜ ਹੁੰਦਾ ਤਾਂ ਬਹੁਤ ਕੁਝ ਕਰ ਕੇ ਦਿਖਾਉਂਦੇ। ਆਪਣੀ ਗੱਡੀ ਚੋਰੀ ਹੋਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਕੱਤਰੇਤ ਦੇ ਨੇੜੇ ਗੱਡੀ ਚੋਰੀ ਹੋ ਜਾਂਦੀ ਤਾਂ ਛੋਟੀ ਗੱਲ ਸੀ, ਪੁਰਾਣੀ ਗੱਡੀ ਸੀ, ਕੋਈ ਵੱਡੀ ਗੱਲ ਨਹੀਂ ਸੀ ਪਰ ਦਿੱਲੀ ਦੇ ਮੁੱਖ ਮੰਤਰੀ ਦੀ ਗੱਡੀ ਸਕੱਤਰੇਤ ਤੋਂ ਚੋਰੀ ਹੋ ਜਾਵੇ ਤਾਂ ਦਿੱਲੀ 'ਚ ਕਿਸ ਤਰ੍ਹਾਂ ਦੀ ਪੁਲਸ ਜਾਂ ਕਾਨੂੰਨ ਵਿਵਸਥਾ ਹੈ। ਲੋਕਾਂ ਨੂੰ ਲੱਗੇਗਾ ਕਿ ਜਦੋਂ ਮੁੱਖ ਮੰਤਰੀ ਦੀ ਗੱਡੀ ਚੋਰੀ ਹੋ ਗਈ ਤਾਂ ਆਪਣੀ ਗੱਡੀ ਦਾ ਕੀ ਭਰੋਸਾ।