ਅਨੰਤਨਾਗ ''ਚ ਅੱਤਵਾਦੀਆਂ ਨੇ ਏ. ਐੱਸ. ਆਈ. ਨੂੰ ਮਾਰੀ ਗੋਲੀ, ਮੌਤ

Tuesday, Aug 29, 2017 - 02:55 AM (IST)

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਅੱਜ ਅੱਤਵਾਦੀਆਂ ਨੇ ਪੁਲਸ ਦੇ ਇਕ ਸਹਾਇਕ ਸਬ ਇੰਸਪੈਕਟਰ (ਏ. ਐੱਸ. ਆਈ.) ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਦੁਪਹਿਰ ਬਾਅਦ ਗੋਲੀ ਮਾਰ ਕੇ ਪੁਲਸ ਦੇ ਏ. ਐੱਸ. ਆਈ. ਅਬਦੁੱਲ ਰਸ਼ੀਦ ਨੂੰ ਜ਼ਖਮੀ ਕਰ ਦਿੱਤਾ। ਉਸ ਸਮੇਂ ਉਹ ਅਨੰਤਨਾਗ ਦੇ ਮਹਿੰਦੀ ਕਦਲ ਵਿਚ ਤਾਇਨਾਤ ਸੀ ਅਤੇ ਉਸ ਦੇ ਕੋਲ ਕੋਈ ਹਥਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪੁਲਸ ਕਰਮਚਾਰੀ ਦੇ ਪੇਟ ਵਿਚ ਗੋਲੀ ਲੱਗੀ ਅਤੇ ਉਸ ਨੂੰ ਅਨੰਤਨਾਗ ਦੇ ਜ਼ਿਲਾ ਹਸਪਤਾਲ ਵਿਚ ਲਿਜਾਇਆ ਗਿਆ ਜਿਥੋਂ ਉਸ ਨੂੰ ਵਿਸ਼ੇਸ਼ ਇਲਾਜ ਲਈ ਬਾਦਾਮੀ ਬਾਗ ਕੈਂਟ ਵਿਚ ਫੌਜ ਦੇ 92 ਬੇਸ ਹਸਪਤਾਲ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਸ਼ੀਦ ਦੀ ਮੌਤ ਹੋ ਗਈ।
ਆਈ. ਜੀ. ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਪਥਰਾਅ-ਦੱਖਣੀ ਕਸ਼ਮੀਰ ਵਿਚ ਪੁਲਵਾਮਾ ਜ਼ਿਲੇ ਦੇ ਟੇਂਗਪੂਨਾ ਪਿੰਡ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਇੰਸਪੈਕਟਰ ਜਨਰਲ (ਆਈ. ਜੀ.) ਦੇ ਕਾਫਲੇ 'ਤੇ ਲੋਕਾਂ ਨੇ ਪਥਰਾਅ ਕੀਤਾ, ਜਿਸ ਦੇ ਬਾਅਦ ਸੁਰੱਖਿਆ ਬਲਾਂ ਨੂੰ ਹਵਾਈ ਫਾਇਰਿੰਗ ਦਾ ਸਹਾਰਾ ਲੈਣਾ ਪਿਆ। ਸੂਤਰਾਂ ਨੇ ਦੱਸਿਆ ਕਿ ਆਈ. ਜੀ. ਦਾ ਕਾਫਲਾ ਪੁਲਵਾਮਾ ਤੋਂ ਅਵੰਤੀਪੁਰਾ ਜਾ ਰਿਹਾ ਸੀ ਕਿ ਇਸ ਦੌਰਾਨ ਟੇਂਗਪੂਨਾ ਪਿੰਡ ਵਿਚ ਕਾਫਲੇ ਦੇ ਪਹੁੰਚਣ 'ਤੇ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪਥਰਾਅ ਕੀਤਾ।


Related News