ਦਿਨ 'ਚ ਦੂਜੀ ਵਾਰ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 2 ਦੀ ਮੌਤ, 16 ਜ਼ਖਮੀ

01/19/2018 5:45:04 PM

ਜੰਮੂ— ਪਾਕਿਸਤਾਨ ਨੇ ਜੰਗਬੰਦੀ ਕਰਦੇ ਹੋਏ ਜੰਮੂ-ਕਸ਼ਮੀਰ ਦੇ ਆਰਐੈੱਸਪੁਰਾ ਅਤੇ ਅਰਨੀਆ ਸੈਕਟਰ, ਸਾਂਬਾ ਦੇ ਰਾਮਗੜ੍ਹ ਸੈਕਟਰ ਅਤੇ ਕਠੂਆ ਦੇ ਹੀਰਾਨਗਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਅੱਜ ਸਵੇਰੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ, ਜਿਸ 'ਚ ਬੀ.ਐੈੱਸ.ਐੈੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇਕ ਜ਼ਖਮੀ ਹੋ ਗਿਆ ਹੈ। ਸ਼ਹੀਦ ਜਵਾਨ ਹੈੱਡ ਕਾਂਸਟੇਬਲ ਜਗਪਾਲ ਸਿੰਘ ਨਿਵਾਸੀ ਹਰਿਆਣਾ ਅਤੇ ਜ਼ਖਮੀ ਜਵਾਨ ਆਦਰਸ਼ ਹਨ। ਨਾਲ ਹੀ ਦੋ ਨਾਗਰਿਕਾਂ ਦੀ ਮੌਤ ਹੋ ਗਈ ਅਤੇ 16 ਨਾਗਰਿਕ ਜ਼ਖਮੀ ਹੋ ਗਏ ਹਨ। ਬੀ.ਐੈੱਸ.ਐੈੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫੌਜ ਨੇ ਬਿਨਾਂ ਉਕਸਾਏ ਅੱਜ ਸਵੇਰੇ ਆਰਐੈੱਸਪੁਰਾ ਅਤੇ ਅਰਨੀਆ ਸੈਕਟਰ 'ਚ ਗੋਲੀਬਾਰੀ ਕੀਤੀ। ਅਧਿਕਾਰੀ ਮੁਤਾਬਕ, ਬੀ.ਐੈੱਸ.ਐੈੱਫ. ਦੇ ਜਵਾਨ ਪਾਕਿਸਤਾਨ ਦੀ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੇ ਹਨ।
ਪਾਕਿਸਤਾਨ ਫੌਜ ਵੱਲੋਂ ਕੀਤੀ ਗਈ ਇਸ ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੀ ਪਛਾਣ ਅਰਨੀਆ ਸੈਕਟਰ ਦੀ ਬਚਨੋ ਦੇਵੀ (50) ਅਤੇ ਆਰਐੈੱਸਪੁਰਾ ਸੈਕਟਰ ਦੇ ਸਾਹਿਲ (25) ਦੇ ਰੂਪ 'ਚ ਹੋਈ ਹੈ। ਗੋਲੀਬਾਰੀ 'ਚ ਹੋਏ ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਫੌਜ ਵੱਲੋਂ ਅਰਨੀਆ ਸੈਕਟਰ 'ਚ ਕੀਤੀ ਗਈ ਗੋਲੀਬਾਰੀ 'ਚ ਬੀ.ਐੈੱਸ.ਐੈੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। 
ਜ਼ਿਕਰਯੋਗ ਹੈ ਕਿ ਸਰਹੱਦ ਸੁਰੱਖਿਆ ਫੋਰਸ ਦੇ ਡਾਇਰੈਕਟਰ ਜਨਰਲ ਕੇ.ਕੇ ਸ਼ਰਮਾ ਨੇ ਕਲ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਨਜ਼ਦੀਕ ਸਥਿਤੀ ਕਾਫੀ ਤਨਾਅਪੂਰਨ ਹੈ।