ਰਿਜ਼ਰਵ ਬੈਂਕ ਨੇ 30 ਸਾਲ 'ਚ ਪਹਿਲੀ ਵਾਰ ਵੇਚਿਆ ਸੋਨਾ

10/25/2019 11:04:36 AM

ਮੁੰਬਈ — ਰਿਜ਼ਰਵ ਬੈਂਕ ਆਫ ਇੰਡੀਆ ਨੇ ਲਗਭਗ ਤਿੰਨ ਦਹਾਕੇ ਯਾਨੀ ਕਿ 30 ਸਾਲ 'ਚ ਪਹਿਲੀ ਵਾਰ ਆਪਣੇ ਰਿਜ਼ਰਵ ਖਾਤੇ ਵਿਚੋਂ ਸੋਨਾ ਵੇਚਿਆ ਹੈ।  ਬੈਂਕ  ਜਾਲਾਨ ਕਮੇਟੀ ਦੀਆਂ ਸਿਫਾਰਸ਼ਾਂ ਸਵੀਕਾਰ ਕਰਨ ਦੇ ਬਾਅਦ ਇਸ ਸਾਲ ਅਗਸਤ ਤੋਂ ਗੋਲਡ ਟ੍ਰੇਡਿੰਗ 'ਚ ਐਕਟਿਵ ਹੋ ਗਿਆ ਹੈ। ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਰਿਜ਼ਰਵ ਬੈਂਕ ਤੈਅ ਹੱਦ ਤੋਂ ਉੱਪਰ ਦਾ ਲਾਭ ਸਰਕਾਰ ਨਾਲ ਸ਼ੇਅਰ ਕਰ ਸਕਦਾ ਹੈ। ਰਿਜ਼ਰਵ ਬੈਂਕ ਨੇ ਕੁੱਲ $1.15 ਅਰਬ ਦਾ ਸੋਨਾ ਵੇਚਿਆ ਹੈ। ਰਿਜ਼ਰਵ ਬੈਂਕ ਦੇ ਮਹੀਨਾਵਾਰ ਸਟੈਟਿਸਟਿਕਲ ਸਪਲੀਮੈਂਟ 'ਚ ਮੌਜੂਦਾ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਸ ਨੇ ਆਪਣੇ ਕਾਰੋਬਾਰੀ  ਸਾਲ ਦੀ ਸ਼ੁਰੂਆਤ ਵਾਲੇ ਮਹੀਨੇ ਯਾਨੀ ਜੁਲਾਈ ਤੋਂ $5.1 ਅਰਬ ਦਾ ਸੋਨਾ ਖਰੀਦਿਆ ਹੈ ਅਤੇ ਲਗਭਗ $1.15 ਅਰਬ ਦਾ ਸੋਨਾ ਵੇਚਿਆ ਹੈ।

RBI ਕੋਲ ਅਗਸਤ ਦੇ ਅੰਤ ਤੱਕ 1.987 ਕਰੋੜ ਔਂਸ ਸੋਨਾ ਸੀ। 11 ਅਕਤੂਬਰ ਨੂੰ ਫਾਰੇਕਸ ਰਿਜ਼ਰਵ 'ਚ $ 26.7 ਅਰਬ ਦੇ ਬਰਾਬਰ ਸੋਨਾ ਸੀ। ਵੱਡੀ ਗੱਲ ਇਹ ਹੈ ਕਿ ਰਿਜ਼ਰਵ ਬੈਂਕ ਨੇ ਜਿਸ ਸਮੇਂ ਤੋਂ ਜਾਲਾਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ, ਉਸ ਸਮੇਂ ਤੋਂ ਇਹ ਕਾਹਲੀ ਨਾਲ ਸੋਨੇ ਦੀ ਟ੍ਰੇਡਿੰਗ ਕਰਨ 'ਚ ਲੱਗਾ ਹੈ। ਕਮੇਟੀ ਦੀਆਂ ਸਿਫਾਰਸ਼ਾਂ 'ਚ ਕਿਹਾ ਗਿਆ ਹੈ ਕਿ RBI ਨੂੰ ਸੋਨੇ 'ਚ ਹੋਣ ਵਾਲਾ ਵੈਲਿਊਏਸ਼ਨ ਗੇਨ ਨਹੀਂ ਸਗੋਂ ਉਸਦੀ ਟ੍ਰੇਡਿੰਗ ਤੋਂ ਹਾਸਲ ਹੋਣ ਵਾਲਾ ਲਾਭ ਸਰਕਾਰ ਨਾਲ ਸ਼ੇਅਰ ਕਰਨਾ ਹੋਵੇਗਾ। ਕਮੇਟੀ ਦਾ ਗਠਨ ਪਿਛਲੇ ਸਾਲ ਸਰਕਾਰ ਦਾ ਰੈਵੇਨਿਊ ਡੈਫਿਸਿਟ ਪੂਰਾ ਕਰਨ ਲਈ ਉਸ ਦੇ ਨਾਲ ਰਿਜ਼ਰਵ ਬੈਂਕ ਦੀ ਸਰਪਲੱਸ ਇਨਕਮ ਸ਼ੇਅਰ ਕਰਨ ਦੇ ਮਾਮਲੇ ਦੇ ਭੱਖਣ ਦੇ ਬਾਅਦ ਕੀਤਾ ਗਿਆ ਸੀ। 

ਰਿਜ਼ਰਵ ਬੈਂਕ ਦੇ ਡਾਟਾ 'ਚ ਮਹੀਨੇ ਦੇ ਆਖਰੀ ਹਫਤੇ ਦੀ ਵੈਲਿਊ ਨੂੰ ਫੈਕਟਰ ਨਹੀਂ ਕੀਤਾ ਗਿਆ ਹੈ। RBI ਦੀ 2018-19 ਦੀ ਸਾਲਾਨ ਰਿਪੋਰਟ ਮੁਤਾਬਕ ਗੋਲਡ ਦਾ ਰੀਵੈਲਿਊਏਸ਼ਨ ਹਰ ਮਹੀਨੇ ਦੇ ਆਖਰੀ ਕਾਰੋਬਾਰੀ ਦਿਨ ਹੁੰਦਾ ਹੈ। ਇਹ ਮਹੀਨੇ ਲਈ ਲੰਡਨ ਬੁਲਿਅਨ ਮਾਰਕਿਟ ਐਸੋਸੀਏਸ਼ਨ  ਵਲੋਂ ਤੈਅ ਕੀਤੀ ਗਈ ਕੀਮਤ ਦੇ 90 ਫੀਸਦੀ ਦੇ ਹਿਸਾਬ ਨਾਲ ਹੁੰਦਾ ਹੈ। ਇਸ ਲਈ ਫਾਰੈਕਸ ਰਿਜ਼ਰਵ 'ਚ ਸੋਨੇ ਦੀ ਵੈਲਿਊ ਸਿਰਫ ਮਹੀਨੇ 'ਚ ਇਕ ਵਾਰ ਕੀਤਾ ਜਾਂਦਾ ਹੈ। ਵਿਚਕਾਰ ਦੇ ਹਫਤਿਆਂ 'ਚ ਸੋਨੇ ਦੀ ਵੈਲਿਊ 'ਚ ਹੋਣ ਵਾਲਾ ਬਦਲਾਅ ਉਸ 'ਚ ਹੋਏ ਸੋਨੇ ਦੀ ਖਰੀਦ ਦੇ ਕਾਰਨ ਹੋ ਸਕਦਾ ਹੈ।

ਆਰਬੀਆਈ ਦੇ ਕੁਝ ਅਧਿਕਾਰੀਆਂ ਨੇ ਰਿਜ਼ਰਵ ਬੈਂਕ ਦੁਆਰਾ ਸੋਨੇ ਦੇ ਮੁੱਲ ਦੀ ਰਿਪੋਰਟਿੰਗ ਦੇ ਫਾਰਮੈਟ ਵਿਚ ਤਬਦੀਲੀ ਦੀ ਸੰਭਾਵਨਾ ਨੂੰ ਵੀ ਖਾਰਜ ਨਹੀਂ ਕੀਤਾ। ਹਾਲਾਂਕਿ ਰਿਜ਼ਰਵ ਬੈਂਕ ਆਪਣੇ ਖਜ਼ਾਨੇ ਵਿਚ ਰੱਖੇ ਸੋਨੇ ਦੀ ਮਾਤਰਾ ਬਾਰੇ ਬਾਰ-ਬਾਰ ਵੇਰਵਾ ਨਹੀਂ ਦਿੰਦਾ। ਸੁਰੱਖਿਆ ਦੇ ਮਾਮਲੇ ਵਿਚ ਵਿਸ਼ਵ ਭਰ ਦੇ ਕੇਂਦਰੀ ਬੈਂਕ (ਜਿਵੇਂ ਆਰਬੀਆਈ ਇੰਡੀਆ) ਆਪਣੇ ਵਿਦੇਸ਼ੀ ਮੁਦਰਾ ਦੇ ਕੁਝ ਹਿੱਸੇ ਨੂੰ ਵਿਭਿੰਨਤਾ ਲਈ ਸੋਨੇ ਦੇ ਰੂਪ ਵਿਚ ਰੱਖਦੇ ਹਨ। ਰਿਜ਼ਰਵ ਬੈਂਕ ਨਵੰਬਰ 2017 ਤੋਂ ਸੋਨੇ ਦੀ ਛੋਟੀ-ਮੋਟੀ ਖਰੀਦ ਕਰਦਾ ਆ ਰਿਹਾ ਹੈ ਅਤੇ ਉਸ ਸਮੇਂ ਤੋਂ ਹੁਣ ਤੱਕ ਇਹ ਤਕਰੀਬਨ 20 ਲੱਖ ਔਂਸ ਸੋਨਾ ਖਰੀਦ ਚੁੱਕਾ ਹੈ।