ਕਿਰਾਏ ਦੇ ਲਿਹਾਜ਼ ਨਾਲ ਦੁਨੀਆ ਦਾ 24ਵਾਂ ਸਭ ਤੋਂ ਮਹਿੰਗਾ ਸਥਾਨ ਹੈ ਦਿੱਲੀ ਦੀ ਖਾਨ ਮਾਰਕੀਟ

11/15/2017 11:23:35 PM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦੀ ਖਾਨ ਮਾਰਕੀਟ ਦੁਨੀਆ ਦਾ 24ਵਾਂ ਸਭ ਤੋਂ ਮਹਿੰਗਾ ਪ੍ਰਚੂਨ ਖੇਤਰ ਹੈ। ਭਾਰਤ 'ਚ ਦੁਕਾਨ ਕਿਰਾਏ 'ਤੇ ਲੈਣ ਲਈ ਖਾਨ ਮਾਰਕੀਟ ਦੇਸ਼ ਦਾ ਸਭ ਤੋਂ ਮਹਿੰਗਾ ਸਥਾਨ ਬਣਿਆ ਹੋਇਆ ਹੈ। ਕੁਸ਼ਮੈਨ ਐਂਡ ਵੇਕਫੀਲਡ ਦੀ ਰਿਪੋਰਟ ਅਨੁਸਾਰ ਮਹਿੰਗੇ ਪ੍ਰਚੂਨ ਖੇਤਰਾਂ ਦੀ ਸੂਚੀ 'ਚ ਖਾਨ ਮਾਰਕੀਟ ਨੇ ਪਿਛਲੀ ਵਾਰ ਦੇ ਮੁਕਾਬਲੇ 4 ਸਥਾਨਾਂ ਦੀ ਛਲਾਂਗ ਲਾਈ ਹੈ।
ਖਾਨ ਮਾਰਕੀਟ ਵਿਚ ਮਹੀਨਾਵਾਰ ਕਿਰਾਇਆ ਪਿਛਲੇ ਇਕ ਸਾਲ ਤੋਂ 1250 ਰੁਪਏ ਪ੍ਰਤੀ ਵਰਗ ਫੁੱਟ 'ਤੇ ਸਥਿਰ ਹੈ। ਇਸ ਦੇ ਬਾਵਜੂਦ ਇਸਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਸਾਲ 2016 ਦੀ ਰਿਪੋਰਟ ਵਿਚ ਖਾਨ ਮਾਰਕੀਟ ਦੁਨੀਆ ਦੇ ਮਹਿੰਗੇ ਪ੍ਰਚੂਨ ਸਥਾਨਾਂ ਦੀ ਸੂਚੀ ਵਿਚ 28ਵੇਂ ਸਥਾਨ 'ਤੇ ਸੀ। ਇਸ ਦੀ ਰੈਂਕਿੰਗ ਵਧਣ ਦਾ ਕਾਰਨ ਇਹ ਹੈ ਕਿ ਦੁਨੀਆ ਦੇ ਕੁਝ ਪ੍ਰਮੁੱਖ ਬਾਜ਼ਾਰਾਂ ਵਿਚ ਕਿਰਾਏ ਵਿਚ ਕਮੀ ਆਈ ਹੈ। ਇਸ ਸੂਚੀ ਵਿਚ ਨਿਊਯਾਰਕ ਦਾ ਅਪਰ ਫਿਫਥ ਐਵੀਨਿਊ ਪਹਿਲੇ ਸਥਾਨ 'ਤੇ ਕਾਇਮ ਹੈ। ਹਾਂਗਕਾਂਗ ਦਾ ਕਾਜਵੇ ਵੇ ਦੂਜੇ ਅਤੇ ਲੰਡਨ ਦਾ ਬਾਂਡ ਸਟ੍ਰੀਟ ਤੀਜੇ ਸਥਾਨ 'ਤੇ ਹੈ।