ਹਰਿਆਣੇ ਦੀ ਜਨਤਾ ਸੀ.ਬੀ.ਆਈ. ਦੇ ਪੰਜੇ ਵਿਚ ਫਸੀ ਹੋਈ ਹੈ - ਅਰਵਿੰਦ ਕੇਜਰੀਵਾਲ

03/26/2018 10:04:04 AM

ਹਿਸਾਰ — ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿਸਾਰ ਵਿਚ ਪੁਰਾਣੇ ਸਰਕਾਰੀ ਕਾਲਜ ਮੈਦਾਨ ਵਿਚ ਆਯੋਜਿਤ ਰੈਲੀ ਦੌਰਾਨ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿਚ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕੀਤੀ ਅਤੇ ਭਾਜਪਾ ਸਰਕਾਰ ਦੀ ਕਮੀਆਂ ਦਾ ਜ਼ਿਕਰ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਕਈ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਹਰਿਆਣੇ ਵਿਚ ਜਿਹੜਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਕਰ ਸਕੇ ਉਹ ਆਮ ਆਦਮੀ ਪਾਰਟੀ ਕਰੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੇਠਾਂ ਦੀ ਪਾਰਟੀ ਹੈ। ਵਿਜੇ ਮਾਲਿਆ ਨੂੰ 9 ਹਜ਼ਾਰ ਕਰੋੜ ਦੇ ਕੇ ਦੇਸ਼ ਵਿਚੋਂ ਭਜਾ ਦਿੱਤਾ। ਨੀਰਵ ਮੋਦੀ 11 ਹਜ਼ਾਰ ਕਰੋੜ ਲੈ ਕੇ ਵਿਦੇਸ਼ ਭੱਜ ਗਿਆ ਅਤੇ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ। ਕੇਜਰੀਵਾਲ ਨੇ ਕਿਹਾ ਕਿ ਜਿੰਨ੍ਹੇ ਘਪਲੇ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਹੋਏ ਹਨ ਉਨ੍ਹੇ ਘਪਲੇ ਆਜ਼ਾਦੀ ਤੋਂ ਬਾਅਦ ਬਣੀ ਕਿਸੇ ਹੋਰ ਸਰਕਾਰ ਦੇ ਕਾਰਜਕਾਲ ਵਿਚ ਨਹੀਂ ਹੋਏ।
ਕੇਜਰੀਵਾਲ ਨੇ ਕਿਹਾ ਕਿ ਮੈਂ ਕਸਮ ਖਾ ਕੇ ਕਹਿੰਦਾ ਹਾਂ ਕਿ ਹਰਿਆਣੇ ਵਿਚ ਆਉਣ ਵਾਲੀ ਸਰਕਾਰ ਆਪ ਦੀ ਸਰਕਾਰ ਬਣੇਗੀ, ਜਿਹੜਾ ਕੰਮ ਪ੍ਰਧਾਨ ਮੰਤਰੀ ਮੋਦੀ ਨਹੀਂ ਕਰ ਸਕੇ ਉਹ ਕੇਜਰੀਵਾਲ ਕਰੇਗਾ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਜੀ ਨੇ ਕਿਹਾ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਗੇ, ਪਰ ਸਰਕਾਰ ਬਣਾਉਣ ਤੋਂ ਬਾਅਦ ਉਹ ਆਪਣੇ ਵਾਅਦੇ ਤੋਂ ਮੁਕਰ ਗਏ। ਸੁਪਰੀਮ ਕੋਰਟ ਵਿਚ ਮੋਦੀ ਸਰਕਾਰ ਨੇ ਰਿਪੋਰਟ ਪੇਸ਼ ਕੀਤੀ ਹੈ ਕਿ ਉਹ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕਰਨਗੇ। ਉਨ੍ਹਾਂ ਨੇ ਇਹ ਰਿਪੋਰਟ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣੇ ਵਿਚ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਦੇਸ਼ ਦਾ ਪਹਿਲਾਂ ਸੂਬਾ ਹਰਿਆਣਾ ਹੋਵੇਗਾ ਅਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਪੂਰੀ ਕੀਮਤ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਮਜ਼ਦੂਰਾਂ ਦੀ ਤਨਖਾਹ 9 ਹਜ਼ਾਰ ਤੋਂ ਵਧਾ ਕੇ 13500 ਹੋ ਗਈ ਹੈ ਜਦਕਿ ਹਰਿਆਣੇ ਵਿਚ ਇਹ 8500 ਰੁਪਏ ਹੈ ਜਿਸ ਨੂੰ ਆਪ ਸਰਕਾਰ ਵਧਾ ਕੇ 13500 ਕਰੇਗੀ। ਉਨ੍ਹਾਂ ਨੇ ਹਰਿਆਣੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਨੂੰ ਹੀ ਆਪਣੀ ਵੋਟ ਦੇਣ।
ਕੇਜਰੀਵਾਲ ਨੇ ਅੱਗੋਂ ਹੋਰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪਲੇਟਫਾਰਮ ਦੁਆਰਾ ਮੈਂ ਪ੍ਰਧਾਨ ਮੰਤਰੀ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਜਨਤਾ ਨੂੰ ਦੱਸਣ ਕਿ ਜਨਤਾ ਕਿਹੜੇ ਬੈਂਕ ਵਿਚ ਪੈਸਾ ਜਮ੍ਵ੍ਹਾ ਕਰਵਾਏ ਜਿਥੇ ਪੈਸਾ ਸੁਰੱਖਿਅਤ ਰਹੇ? ਦੂਸਰਾ ਸਵਾਲ ਇਹ ਹੈ ਕਿ ਵਿਜੇ ਮਾਲਿਆ ਅਤੇ ਨੀਰਵ ਮੋਦੀ ਨੂੰ ਕਦੋਂ ਵਾਪਸ ਲਿਆ ਰਹੇ ਹੋ?
ਆਪ ਦੀ ਹਰਿਆਣਾ ਬਚਾਓ ਰੈਲੀ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ ਰਾਜ ਸਭਾ ਸਾਂਸਦ ਸੁਸ਼ੀਲ ਗੁਪਤਾ, ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਰੈਲੀ ਦੇ ਮੰਚ 'ਤੇ ਪਹੁੰਚੇ। ਹਰਿਆਣਾ ਬਚਾਓ ਰੈਲੀ ਵਿਚ ਪਹੁੰਚੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਜਨਤਾ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਿਆਣੇ ਦੀ ਜਨਤਾ ਸੀ.ਬੀ.ਆਈ.(ਕਾਂਗਰਸ-ਭਾਜਪਾ-ਇਨੇਲੋ) ਦੇ ਪੰਜੇ ਵਿਚ ਫਸੀ ਹੋਈ ਹੈ। ਸੀ.ਬੀ.ਆਈ. ਨੇ ਹਰਿਆਣੇ 'ਚ ਭੇਦਭਾਵ ਦੀ ਖੇਡ ਖੇਡੀ ਹੈ। ਇਹ ਤਿੰਨੋਂ ਪਾਰਟੀਆਂ ਚਾਹੁੰਦੀਆਂ ਹਨ ਕਿ ਹਰਿਆਣੇ ਵਿਚ ਕੁਝ ਵੀ ਠੀਕ ਨਾ ਹੋਵੇ ਅਤੇ ਸਭ ਨੂੰ ਵੰਡਣ ਅਤੇ ਲੜਾਉਣ ਦਾ ਕੰਮ ਕਰਦੀਆਂ ਹਨ।