8 ਸਾਲ 'ਚ ਪਹਿਲੀ ਵਾਰ ਘਟੀ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ

09/14/2018 7:08:08 PM

ਨਵੀਂ ਦਿੱਲੀ—ਪਿਛਲੇ ਅੱਠ ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅਮਰੀਕਾ ਦੀ ਯਾਤਰਾ ਤੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਘਟੀ ਹੈ। ਅਮਰੀਕਾ ਦੇ ਵਣਜ ਵਿਭਾਗ ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਸਾਲ 2017 'ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 11.4 ਲੱਖ ਸੀ, ਜੋ ਇਸ ਦੇ ਪਿਛਲੇ ਸਾਲ ਤੋਂ 5 ਫੀਸਦੀ ਘੱਟ ਹੈ। ਸਾਲ 2016 'ਚ ਲਗਭਗ 11.72 ਲੱਖ ਭਾਰਤੀ ਅਮਰੀਕਾ ਗਏ ਸਨ। 
ਅਮਰੀਕਾ ਦੇ ਵਣਜ ਵਿਭਾਗ ਦੇ ਨੈਸ਼ਨਲ ਟ੍ਰੈਵਲ ਐਂਡ ਆਫਿਸ (ਐੱਨ.ਟੀ.ਟੀ.ਓ.) ਵਲੋਂ ਹਰ ਦੇਸ਼ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਦੇ ਅੰਕੜੇ ਜਾਰੀ ਕੀਤੇ ਜਾਂਦੇ ਹਨ। ਟਾਈਮਸ ਆਫ ਇੰਡੀਆ ਮੁਤਾਬਕ ਸਾਲ 2009 'ਚ ਕੁਲ 5.5 ਲੱਖ ਭਾਰਤੀ ਅਮਰੀਕਾ ਦੀ ਯਾਤਰਾ 'ਤੇ ਗਏ ਸਨ। ਤਦ ਇਸ 'ਚ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 8 ਫੀਸਦੀ ਦੀ ਗਿਰਾਵਟ ਆਈ ਸੀ। ਮਤਲਬ ਕਿ ਇਸ ਤੋਂ ਪਹਿਲਾਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਗਿਰਾਵਟ ਲਗਭਗ ਅੱਠ ਸਾਲ ਪਹਿਲਾਂ ਹੀ ਦੇਖੀ ਗਈ ਸੀ। 
ਅਸਲ 'ਚ ਉਹ ਮੰਦੀ ਦਾ ਦੌਰ ਸੀ ਜਿਸ 'ਚ ਦੁਨੀਆਭਰ ਦੇ ਯਾਤਰੀ, ਕਾਰਪੋਰੇਟ ਜਗਤ ਦੇ ਲੋਕ, ਕਾਰੋਬਾਰੀ ਅਤੇ ਹੋਰ ਲੋਕ ਆਪਣੀ ਯਾਤਰਾ 'ਚ ਕਟੌਤੀ ਕਰ ਰਹੇ ਸਨ। ਪਰ ਇਸ ਤੋਂ ਬਾਅਦ ਤੋਂ ਲਗਾਤਾਰ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਧ ਰਹੀ ਸੀ। ਐੱਨ.ਟੀ.ਟੀ.ਓ. ਦਾ ਕਹਿਣਾ ਹੈ ਕਿ ਇਹ ਤੁਰੰਤ ਗਿਰਾਵਟ ਹੈ ਅਤੇ ਸਾਲ 2018 ਤੋਂ 2022 ਵਿਚਾਲੇ ਭਾਰਤੀ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ।
ਟ੍ਰੈਵਲ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਅੰਤਰਰਾਸ਼ਟਰੀ ਯਾਤਰਾ 'ਤੇ ਨਿਕਲਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ 10 ਤੋਂ 12 ਫੀਸਦੀ ਵੱਧ ਰਹੀ ਹੈ। ਹਾਲ ਹੀ ਦੇ ਸਾਲਾਂ 'ਚ ਇਹ ਧਾਰਨਾ ਬਣੀ ਹੈ ਕਿ ਅਮਰੀਕਾ ਜਾਣਾ ਥੋੜ੍ਹਾ ਔਖਾ ਹੋ ਗਿਆ ਹੈ, ਕਿਉਂਕਿ ਕਈ ਦੇਸ਼ਾਂ ਦੇ ਲੋਕਾਂ ਦੇ ਉੱਥੇ ਜਾਣ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਗਲਤ ਧਾਰਨਾ ਹੈ ਅਤੇ ਅਮਰੀਕਾ ਹਮੇਸ਼ਾ ਹੀ ਸਹੀ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਕੇ ਰੱਖਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਆਮਤੌਰ 'ਤੇ ਜ਼ਿਆਦਾਤਰ ਭਾਰਤੀਆਂ ਨੂੰ 10 ਤੋਂ 11 ਹਜ਼ਾਰ ਦੀ ਫੀਸ ਲੈ ਕੇ 10 ਸਾਲ ਲਈ ਟੂਰਿਸਟ ਕੈਟਾਗਰੀ 'ਚ ਮਲਟੀਪਲ ਐਂਟਰੀ ਵੀਜ਼ਾ ਦਿੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਦੀ ਤੁਲਨਾ 'ਚ ਯੂਰਪੀ ਦੇਸ਼ਾਂ ਦਾ ਵੀਜ਼ਾ ਚਾਰਜ ਜ਼ਿਆਦਾ ਹੈ।