ਜਿੰਨਾ ਵਜਾਓਗੇ ਹਾਰਨ, ਓਨਾ ਹੀ ਕਰਨਾ ਪਵੇਗਾ ਇੰਤਜ਼ਾਰ

02/02/2020 2:40:38 AM

ਮੁੰਬਈ (ਇੰਟ.)-ਮੁੰਬਈ ਟ੍ਰੈਫਿਕ ਪੁਲਸ ਨੇ ਸੜਕ ’ਤੇ ਬਿਨਾਂ ਕਿਸੇ ਕਾਰਣ ਹਾਰਨ ਵਜਾਉਣ ਵਾਲਿਆਂ ’ਤੇ ਲਗਾਮ ਲਾਉਣ ਲਈ ਇਕ ਅਨੋਖੀ ਪਹਿਲ ਕੀਤੀ ਹੈ। ਦਰਅਸਲ ਕੁਝ ਵਾਹਨ ਚਾਲਕ ਸਿਗਨਲ ਰੈੱਡ ਹੋਣ ਦੇ ਬਾਵਜੂਦ ਹਾਰਨ ਵਜਾਉਂਦੇ ਰਹਿੰਦੇ ਹਨ, ਜਿਨ੍ਹਾਂ ਲਈ ਇਹ ਕਦਮ ਚੁੱਕਿਆ ਗਿਆ ਹੈ। ਦੇਸ਼ ਦੀ ਆਰਥਿਕ ਰਾਜਧਾਨੀ ’ਚ ਵਧਦੇ ਧੁਨੀ ਪ੍ਰਦੂਸ਼ਣ ’ਤੇ ਲਗਾਮ ਲਾਉਣ ਲਈ ਉਨ੍ਹਾਂ ਟ੍ਰੈਫਿਕ ਸਿਗਨਲਾਂ ’ਤੇ ਡੈਸੀਬਲ ਮੀਟਰ ਲਾਏ ਹਨ, ਜਿਥੇ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ। ਪੁਲਸ ਨੇ ਇਸ ਕੰਪੇਨ ਨੂੰ ਪਨੀਸ਼ਿੰਗ ਸਿਗਨਲ ਦਾ ਨਾਂ ਦਿੱਤਾ ਹੈ। ਜੁਆਇੰਟ ਪੁਲਸ ਕਮਿਸ਼ਨਰ (ਟ੍ਰੈਫਿਕ) ਮਧੁਕਰ ਪਾਂਡੇ ਨੇ ਦੱਸਿਆ ਕਿ ਡੈਸੀਬਲ ਮਾਨੀਟਰ ਟ੍ਰੈਫਿਕ ਸਿਗਨਲ ਨਾਲ ਜੁੜੇ ਹੋਏ ਹਨ। ਜ਼ਿਆਦਾ ਹਾਰਨ ਵਜਾਉਣ ਨਾਲ ਜਿਵੇਂ ਹੀ ਡੈਸੀਬਲ ਲੈਵਲ 85 ਦੇ ਖਤਰਨਾਕ ਪੱਧਰ ’ਤੇ ਪਹੁੰਚੇਗਾ, ਸਿਗਨਲ ਦਾ ਟਾਈਮ ਮੁੜ ਰੀਸੈੱਟ ਹੋ ਜਾਵੇਗਾ, ਜਿਸ ਨਾਲ ਵਾਹਨ ਚਾਲਕਾਂ ਨੂੰ ਸਿਗਨਲ ’ਤੇ ਦੁੱਗਣਾ ਇੰਤਜ਼ਾਰ ਕਰਨਾ ਪਵੇਗਾ।

ਡੈਸੀਬਲ ਮੀਟਰ ਨੂੰ ਮੁੰਬਈ ਦੇ ਪ੍ਰਮੁੱਖ ਜੰਕਸ਼ਨਾਂ ਜਿਵੇਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲਸ, ਮਰੀਨ ਡਰਾਈਵ, ਪੇਡਰ ਰੋਜ਼, ਹਿੰਦਮਾਤਾ ਸਿਨੇਮਾ ਦਾਦਰ ਅਤੇ ਬੈਂਡ੍ਰਾ ’ਤੇ ਲਾਇਆ ਗਿਆ ਹੈ। ਮੁੰਬਈ ਪੁਲਸ ਨੇ ਇਸ ਪਹਿਲ ਨੂੰ ਲੈ ਕੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜੋ ਹੁਣ ਵਾਇਰਲ ਹੋ ਰਿਹਾ ਹੈ। ਵੀਡੀਓ ਦੀ ਸ਼ੁਰੂਆਤ ’ਚ ਦੱਸਿਆ ਗਿਆ ਹੈ ਕਿ ਮੁੰਬਈ ’ਚ ਤੁਹਾਡਾ ਸਵਾਗਤ ਹੈ। ਇਥੇ ਲੋਕ ਉਦੋਂ ਵੀ ਹਾਰਨ ਵਜਾਉਂਦੇ ਹਨ ਜਦੋਂ ਸਿਗਨਲ ਰੈੱਡ ਰਹਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਹਾਰਨ ਵਜਾਉਣ ਨਾਲ ਸਿਗਨਲ ਗ੍ਰੀਨ ਹੋ ਜਾਵੇਗਾ।

ਜੁਆਇੰਟ ਪੁਲਸ ਕਮਿਸ਼ਨਰ ਪਾਂਡੇ ਨੇ ਦੱਸਿਆ ਕਿ ਵਾਹਨ ਚਾਲਕਾਂ ਵਲੋਂ ਬਿਨਾਂ ਕਿਸੇ ਕਾਰਣ ਹਾਰਨ ਵਜਾਉਣ ਨਾਲ ਨਾ ਸਿਰਫ ਕੰਨਾਂ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਦਿਲ ਦੀ ਰਫਤਾਰ ਵੀ ਇਸ ਨਾਲ ਵੱਧ ਜਾਂਦੀ ਹੈ। ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ।

Sunny Mehra

This news is Content Editor Sunny Mehra