ਤਕਨਾਲੋਜੀ ਦੇ ਨਾਲ ਬਦਲ ਰਿਹੈ ਯੁੱਧ ਦਾ ਤਰੀਕਾ : ਹਵਾਈ ਫ਼ੌਜ ਮੁਖੀ

05/30/2022 6:04:07 PM

ਪੁਣੇ (ਭਾਸ਼ਾ)- ਹਵਾਈ ਫ਼ੌਜ ਮੁਖੀ ਵੀ. ਆਰ. ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਤਕਨਾਲੋਜੀ ਅਤੇ ਨਵੇਂ ਸਿਧਾਂਤਾਂ ਦੇ ਆਉਣ ਨਾਲ ਯੁੱਧ ਦਾ ਤਰੀਕਾ ਬੁਨਿਆਦੀ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ। ਨਾਲ ਹੀ ਭਾਰਤ ਦੀ ਸੁਰੱਖਿਆ ਤਸਵੀਰ ਵਿਚ ਬਹੁ-ਆਯਾਮੀ ਖਤਰੇ ਅਤੇ ਚੁਣੌਤੀਆਂ ਸ਼ਾਮਲ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਬਹੁ-ਪੱਧਰੀ ਸਮਰੱਥਾਵਾਂ ਅਤੇ ਘੱਟ ਸਮੇਂ ਵਿਚ ਮੁਹਿੰਮਾਂ ਨੂੰ ਲਾਗੂ ਕਰਨ ਦੀ ਲੋੜ ਹੋਵੇਗੀ। ਉਨ੍ਹਾਂ ਇਥੇ ਮਹਾਰਾਸ਼ਟਰ ਵਿਚ ਰਾਸ਼ਟਰੀ ਰੱਖਿਆ ਅਕਾਦਮੀ (ਐੱਨ. ਡੀ. ਏ.) ਵਿਚ 142ਵੇਂ ਸਿਲੇਬਸ ਦੀ ‘ਪਾਸਿੰਗ ਆਊਟ’ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਗੱਲ ਕਹੀ। 

ਐੱਨ. ਡੀ. ਏ. ਹਥਿਆਰਬੰਦ ਫੋਰਸਾਂ ਦੀਆਂ ਸਾਂਝੀਆਂ ਸੇਵਾਵਾਂ ਦੀ ਅਕਾਦਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਹਵਾਈ ਫ਼ੌਜ ਸੂਚਕ ਅੰਕ ਵਿਚ ਤੀਜਾ ਸਥਾਨ ਹਾਸਲ ਕਰਨਾ ਭਾਰਤੀ ਹਵਾਈ ਫ਼ੌਜ (ਆਈ. ਏ. ਐੱਫ.) ਲਈ ਮਾਣ ਵਾਲੀ ਗੱਲ ਹੈ ਅਤੇ ਇਹ ਪਹਿਲੇ ਸਥਾਨ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਯੁੱਧ ਦੇ ਤਰੀਕਿਆਂ ਵਿਚ ਨਵੀਂ ਟੈਕਨਾਲੋਜੀ ਨੂੰ ਅਪਣਾ ਰਹੀ ਹੈ ਅਤੇ ਰਵਾਇਤੀ ਯੁੱਧ ਲੜਨ ਦੇ ਤਰੀਕਿਆਂ ਤੋਂ ਹੌਲੀ-ਹੌਲੀ ਦੂਰ ਜਾ ਰਹੀ ਹੈ, ਇਸ ਲਿਹਾਜ਼ ਨਾਲ ਸਾਨੂੰ ਸਾਰਿਆਂ ਲਈ ਤੇਜ਼ੀ ਨਾਲ ਬਦਲਾਅ ਦੇ ਅਨੁਕੂਲ ਹੋਣਾ ਜ਼ਰੂਰੀ ਹੈ ਤਾਂ ਜੋ ਅਸੀਂ ਯੁੱਧ ਲੜਨ ਦੇ ਆਪਣੇ ਤਰੀਕਿਆਂ ਨੂੰ ਨਵਾਂ ਰੂਪ ਦੇ ਸਕੀਏ।

DIsha

This news is Content Editor DIsha