ਤੀਜੀ ਲਹਿਰ ਦੀ ਦਸਤਕ ? ਮਣੀਪੁਰ ’ਚ ਲੱਗਾ 10 ਦਿਨ ਦਾ ਪੂਰਨ ਲਾਕਡਾਊਨ

07/17/2021 11:48:13 PM

ਇੰਫਾਲ : ਦੇਸ਼ ’ਚ ਵਧਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਕਾਰਨ ਕੋਰੋਨਾ ਦੀ ਤੀਸਰੀ ਲਹਿਰ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਮਣੀਪੁਰ ’ਚ ਵਧ ਰਹੇ ਕੋਰੋਨਾ ਮਾਮਲੇ ਕਿਤੇ ਮੁਸੀਬਤ ਨਾ ਪੈਦਾ ਕਰ ਦੇਣ, ਇਸ ਲਈ ਸੂਬਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਹੈ।ਪੂਰਬ-ਉੱਤਰ ’ਚ ਮਾਮਲਿਆਂ ’ਚ ਵੱਡੀ ਕਮੀ ਨਹੀਂ ਆਈ ਹੈ, ਤੀਜੀ ਲਹਿਰ ਦੇ ਖਦਸ਼ੇ ਦਾ ਖੌਫ ਵੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਪੂਰੇ ਦੇਸ਼ ’ਚ ਕੋਰੋਨਾ ਦੇ ਤਕਰੀਬਨ 41 ਹਜ਼ਾਰ ਮਾਮਲੇ ਸਾਹਮਣੇ ਆਏ ਤੇ ਤਕਰੀਬਨ 550 ਮੌਤਾਂ ਹੋਈਆਂ। ਇਸ ਦਰਮਿਆਨ ਅੱਜ ਪੂਰੇ ਦੇਸ਼ ’ਚ 50 ਲੱਖ ਨੂੰ ਕੋਰੋਨਾ ਵੈਕਸੀਨ ਲਾਈ ਗਈ।

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮਣੀਪੁਰ ਨੇ ਸੂਬੇ ਭਰ ’ਚ ਪੂਰਨ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ, ਜੋ 18 ਜੁਲਾਈ ਤੋਂ ਸ਼ੁਰੂ ਹੋ ਕੇ ਅਗਲੇ 10 ਦਿਨਾਂ ਤਕ ਲਾਗੂ ਰਹੇਗਾ। ਦੇਸ਼ ’ਚ ਦੂਜੀ ਲਹਿਰ ਲਈ ਡੈਲਟਾ ਵੇਰੀਐਂਟ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ, ਜਿਸ ਕਾਰਨ ਮਾਰਚ ਤੋਂ ਮਈ ਵਿਚਾਲੇ ਮੌਤਾਂ ਦਾ ਅੰਕੜਾ ਟੈਨਸ਼ਨ ’ਚ ਪਾਉਣ ਵਾਲਾ ਹੋ ਗਿਆ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਕੰਪਨੀਆਂ ’ਤੇ ਭੜਕੇ ਬਾਈਡੇਨ, ਕਿਹਾ-ਲੈ ਰਹੀਆਂ ਲੋਕਾਂ ਦੀਆਂ ਜਾਨਾਂ

ਮਣੀਪੁਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਡੈਲਟਾ ਵੇਰੀਐਂਟ ਦੇ ਪ੍ਰਸਾਰ ਦੀ ਲੜੀ ਨੂੰ ਤੋੜਨ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਇਸ ਲਈ ਸੂਬਾ ਸਰਕਾਰ ਨੇ 18 ਜੁਲਾਈ 2021 ਤੋਂ 10 ਦਿਨਾਂ ਲਈ ਪੂਰਨ ਲਾਕਡਾਊਨ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ। ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਐਲਾਨ ਕੀਤਾ ਹੈ ਕਿ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸਿਰਫ ਵੈਕਸੀਨੇਸ਼ਨ ਤੇ ਟੈਸਟਿੰਗ ਲਈ ਬਾਹਰ ਆਉਣ ਵਾਲੇ ਲੋਕਾਂ ਨੂੰ ਹੀ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਾਰੇ ਕੋਰੋਨਾ ਨਾਲ ਨਜਿੱਠਣ ’ਚ ਸਹਿਯੋਗ ਕਰਨ।

ਇਹ ਵੀ ਪੜ੍ਹੋ : ਜਰਮਨੀ ’ਚ ਜਹਾਜ਼ ਹੋਇਆ ਕ੍ਰੈਸ਼, ਕਈ ਲੋਕਾਂ ਦੇ ਮਰਨ ਦਾ ਖਦਸ਼ਾ

Manoj

This news is Content Editor Manoj