ਵਿਦੇਸ਼ ਨੀਤੀ ਪਾਕਿ ''ਤੇ ਆਧਾਰਤ ਹੋਣ ਦੀ ਧਾਰਨਾ ਗਲਤ- ਮੋਦੀ

01/22/2018 3:32:33 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਧਾਰਨਾ ਗਲਤ ਹੈ ਕਿ ਦੇਸ਼ ਦੀ ਵਿਦੇਸ਼ ਨੀਤੀ ਪਾਕਿਸਤਾਨ 'ਤੇ ਆਧਾਰਤ ਹੈ। ਸ਼੍ਰੀ ਮੋਦੀ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਹੈ ਕਿ ਇਹ ਸੋਚਣਾ ਕਿ ਭਾਰਤ ਦੀ ਵਿਦੇਸ਼ ਨੀਤੀ ਸਿਰਫ ਪਾਕਿਸਤਾਨ 'ਤੇ ਆਧਾਰਤ ਹੈ, ਭਾਰਤ ਨਾਲ ਅਨਿਆਂ ਕਰਨ ਵਰਗਾ ਹੈ। ਭਾਰਤ ਦੀ ਵਿਦੇਸ਼ ਨੀਤੀ ਸਿਰਫ ਇਕ ਦੇਸ਼ 'ਤੇ ਆਧਾਰਤ ਨਹੀਂ ਹੈ ਅਤੇ ਅਜਿਹਾ ਹੋਣਾ ਵੀ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਿਸੇ ਇਕ ਦੇਸ਼ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਜੋ ਵੀ ਅੱਤਵਾਦ ਦੇ ਖਿਲਾਫ ਸਖਤ ਕਦਮ ਚੁੱਕੇਗਾ, ਉਹ ਉਸ ਦੇਸ਼ ਦਾ ਸਵਾਗਤ ਕਰਨਗੇ।
ਉਨ੍ਹਾਂ ਨੇ ਕਿਹਾ,''ਇਨਸਾਨੀਅਤ ਖਤਰੇ 'ਚ ਹੈ ਅਤੇ ਇਸ ਨੂੰ ਬਚਾਉਣ ਲਈ ਉਨ੍ਹਾਂ ਸਾਰੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਲੋੜ ਹੈ, ਜੋ ਇਨਸਾਨੀਅਤ 'ਤੇ ਭਰੋਸਾ ਕਰਦੇ ਹਨ। ਸਾਨੂੰ ਉਨ੍ਹਾਂ ਸਾਰਿਆਂ ਨੂੰ ਇਕਜੁਟ ਕਰਨਾ ਹੋਵੇਗਾ, ਉਦੋਂ ਅਸੀਂ ਅੱਤਵਾਦ ਨੂੰ ਹਰਾ ਸਕਦੇ ਹਾਂ।'' ਉਨ੍ਹਾਂ ਨੇ ਕਿਹਾ,''ਮੈਂ ਪਾਕਿਸਤਾਨ ਦੇ ਲੋਕਾਂ ਨੂੰ ਸਿੱਧੇ ਕਹਿਣਾ ਚਾਹੁੰਦਾ ਹਾਂ ਕਿ ਕੀ ਸਾਨੂੰ ਗਰੀਬੀ ਨਾਲ ਨਹੀਂ ਲੜਨਾ ਚਾਹੀਦਾ? ਕੀ ਸਾਨੂੰ ਅਨਪੜ੍ਹਤਾ ਨਾਲ ਨਹੀਂ ਲੜਨਾ ਚਾਹੀਦਾ? ਕੀ ਸਾਨੂੰ ਬੀਮਾਰੀ ਨਾਲ ਨਹੀਂ ਲੜਨਾ ਚਾਹੀਦਾ? ਜੇਕਰ ਅਸੀਂ ਇਨ੍ਹਾਂ ਨਾਲ ਮਿਲ ਕੇ ਲੜਾਂਗੇ, ਉਦੋਂ ਅਸੀਂ ਜਲਦੀ ਜਿੱਤਾਂਗੇ।''