MDH ਦੇ ਸਾਂਭਰ ਮਸਾਲੇ 'ਚ ਮਿਲਿਆ ਹਾਨੀਕਾਰਕ ਬੈਕਟੀਰੀਆ, ਹੋਵੇਗੀ ਜਾਂਚ

09/13/2019 2:36:19 PM

ਮੁੰਬਈ — ਦੇਸ਼ ਦੀ ਪ੍ਰਸਿੱਧ ਮਸਾਲੇ ਬਣਾਉਣ ਵਾਲੀ ਕੰਪਨੀ MDH ਦੇ ਸਾਂਭਰ ਮਸਾਲੇ 'ਚ ਬੈਕਟੀਰੀਆ ਹੋਣ ਦੀ ਸ਼ਿਕਾਇਤ ਮਿਲਣ ਦੇ ਬਾਅਦ ਹੁਣ ਬ੍ਰਾਂਡ ਦੇ ਸਾਰੇ ਉਤਪਾਦਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। ਆਲ ਇੰਡੀਆ ਫੂਡ ਐਂਡ ਡਰੱਗ ਲਾਇਸੈਂਸ ਹੋਲਡਰ ਫਾਊਡੇਸ਼ਨ(AFDLHF) ਵਲੋਂ Food and Drug Administration of Maharashtra ਨੂੰ ਚਿੱਠੀ ਲਿਖੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਅਮਰੀਕਾ ਫੂਡ ਐਂਡ ਡਰੱਗ ਅਥਾਰਟੀ ਵਲੋਂ ਜਾਰੀ ਇਕ ਬਿਆਨ ਅਨੁਸਾਰ MDH ਮਸਾਲੇ ਦੇ ਇਕ ਉਤਪਾਦ 'ਚ ਸਾਲਮੋਨੇਲਾ ਬੈਕਟੀਰੀਆ ਮਿਲਣ ਦੀ ਪੁਸ਼ਟੀ ਹੋਈ ਹੈ।

ਚਿੱਠੀ 'ਚ ਲਿਖਿਆ ਗਿਆ ਹੈ ਕਿ MDH ਦੇ ਸਾਂਭਰ ਮਸਾਲੇ 'ਚ ਕਥਿਤ ਤੌਰ 'ਤੇ ਸਾਲਮੋਨੇਲਾ ਮਿਲਣ ਦੇ ਬਾਅਦ ਅਮਰੀਕਾ ਨੇ ਇਨ੍ਹਾਂ ਮਸਾਲਿਆਂ ਦੀਆਂ ਘੱਟੋ-ਘੱਟ ਤਿੰਨ ਖੇਪ ਵਾਪਸ ਭੇਜੀਆਂ ਹਨ। ਇਹ ਕਦਮ ਕੁਝ ਸੈਂਪਲਾਂ ਦੀ ਜਾਂਚ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਹੈ। ਮਹਾਰਾਸ਼ਟਰ ਐਫ.ਡੀ.ਏ. ਅੱਗੇ ਬੇਨਤੀ ਕੀਤੀ ਗਈ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ MDH ਦੇ ਸਾਰੇ ਉਤਪਾਦਾਂ ਦੇ ਸੈਂਪਲਾਂ ਦੀ ਤੁਰੰਤ ਜਾਂਚ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਸਾਲਮੋਨੇਲਾ ਵਾਲੇ ਭੋਜਨ ਪਦਾਰਥਾਂ ਨੂੰ ਖਾਣ ਦੇ 12 ਤੋਂ 72 ਘੰਟੇ 'ਚ ਦਸਤ, ਬੁਖਾਰ, ਪੇਟ ਦਰਦ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ 'ਚ 4 ਤੋਂ 7 ਦਿਨ ਲਗਦੇ ਹਨ। ਬਜ਼ੁਰਗਾਂ, ਨਵਜੰਮ੍ਹੇ  ਅਤੇ ਕਮਜ਼ੋਰ ਪਾਚਣ ਸ਼ਕਤੀ ਵਾਲੇ ਲੋਕਾਂ ਨੂੰ ਇਸ ਬਿਮਾਰੀ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।