ਮ੍ਰਿਤਕ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਮਿਲੇ ਅਖਿਲੇਸ਼ ਯਾਦਵ, ਕੀਤਾ 2-2 ਲੱਖ ਰੁਪਏ ਦੇਣ ਦਾ ਐਲਾਨ

08/15/2017 11:31:47 AM

ਲਖਨਊ — ਸਪਾ ਨੇਤਾ ਅਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਗੋਰਖਪੁਰ 'ਚ ਪਿੱਛਲੇ ਦਿਨਾਂ 'ਚ ਮੈਡੀਕਲ ਕਾਲਜ ਹਸਪਤਾਲ 'ਚ ਵੱਡੀ ਸੰਖਿਆ 'ਚ ਹੋਈ ਬੱਚਿਆਂ ਦੀ ਮੌਤ ਦੇ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਪਾਰਟੀ ਵਲੋਂ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।


ਅਖਿਲੇਸ਼ ਨੇ ਬੇਲਵਾਰ ਅਤੇ ਬਾਘਾ ਗਾੜਾ ਪਿੰਡ ਜਾ ਕੇ ਮੈਡੀਕਲ ਕਾਲਜ 'ਚ ਮਰੇ 3 ਬੱਚਿਆਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਯੋਗੀ ਅਦਿੱਤਯਨਾਥ ਸਰਕਾਰ ਪੂਰੀ ਤਰ੍ਹਾਂ ਕਠੋਰ ਹੈ। ਸਾਬਕਾ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਮੈਡੀਕਲ ਕਾਲਜ ਹਸਪਤਾਲ 'ਚ 500 ਬੈੱਡ ਦਾ ਇਕ ਵੱਖਰਾ ਵਾਰਡ ਬਣਾਇਆ ਸੀ। ਉਸਨੂੰ ਜੇਕਰ ਠੀਕ ਸਮੇਂ 'ਤੇ ਸ਼ੁਰੂ ਕੀਤਾ ਜਾਂਦਾ ਤਾਂ ਅੱਜ ਇਹ ਦੁੱਖਦ ਘਟਨਾ ਨਾ ਵਾਪਰਦੀ।


ਸਪਾ ਨੇਤਾ ਨੇ ਕਿਹਾ ਕਿ ਹੁਣ ਵੀ ਸਮਾਂ ਹੈ। ਮੈਡੀਕਲ ਕਾਲਜ 'ਚ ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ ਆਦਿ ਦੀ ਜਲਦੀ ਤੋਂ ਜਲਦੀ ਤੈਨਾਤੀ ਕੀਤੀ ਜਾਵੇ। ਐਮਸ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਲਈ ਬਜਟ ਪਾਸ ਕਰੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਪਾ ਮੈਡੀਕਲ ਕਾਲਜ 'ਚ ਪਿੱਛਲੇ 4 ਦਿਨਾਂ ਅੰਦਰ ਮਰੇ ਬੱਚਿਆਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਵੇਗੀ। ਉਨ੍ਹਾਂ ਨੇ ਸਰਕਾਰ ਤੋਂ ਮ੍ਰਿਤਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।