ਇੰਦੌਰ ''ਚ ਲਹਿਰਾਇਆ ਗਿਆ 12 ਕਿਲੋਮੀਟਰ ਲੰਬਾ ਤਿਰੰਗਾ, ਰਿਕਾਰਡ ਦਰਜ

08/13/2018 4:44:54 AM

ਇੰਦੌਰ, (ਭਾਸ਼ਾ)- ਸੁਤੰਤਰਤਾ ਦਿਵਸ ਤੋਂ 3 ਦਿਨ ਪਹਿਲਾਂ ਐਤਵਾਰ ਨੂੰ ਇਥੇ ਵੱਡੀ ਸੰਖਿਆ 'ਚ ਲੋਕਾਂ ਨੇ 12 ਕਿਲੋਮੀਟਰ ਲੰਬਾ ਤਿਰੰਗਾ ਲਹਿਰਾ ਕੇ ਦੇਸ਼ ਭਗਤੀ ਦਾ ਸੁੰਦਰ ਨਜ਼ਾਰਾ ਪੇਸ਼ ਕੀਤਾ। ਵਰਲਡ ਬੁਕ ਆਫ ਰਿਕਾਰਡਸ ਦੇ ਇਸ ਰਿਕਾਰਡ ਦੇ ਲਈ ਇਕ ਸਥਾਨਕ ਸੰਸਥਾ ਦੇ ਨਾਮ ਪ੍ਰਮਾਣ ਪੱਤਰ ਜਾਰੀ ਕੀਤਾ ਹੈ। ਪ੍ਰਮਾਣ ਪੱਤਰ 'ਚ ਇਸ ਕੌਮੀ ਝੰਡੇ ਨੂੰ ਦੇਸ਼ ਨੂੰ ਸਮਰਪਿਤ ਸਭ ਤੋਂ ਲੰਬਾ ਤਿਰੰਗਾ ਦੱਸਿਆ ਗਿਆ ਹੈ। ਲੋਕ ਸੰਸਕ੍ਰਿਤੀ ਮੰਚ ਦੇ ਮੁਖੀ ਸ਼ੰਕਰ ਲਾਲਵਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 'ਮੇਰਾ ਤਿਰੰਗਾ, ਮੇਰਾ ਅਭਿਮਾਨ' ਮੁਹਿੰਮ ਤਹਿਤ ਇਸ ਰਿਕਾਰਡ ਲਈ ਮਹਾਰਾਣਾ ਪ੍ਰਤਾਪ ਚੌਕ ਤੋਂ ਚਾਣਕਯਪੁਰੀ ਚੌਕ ਵਿਚਾਲੇ ਹਜ਼ਾਰਾਂ ਲੋਕਾਂ ਨੇ ਸੜਕ ਦੇ ਦੋਵੇਂ ਤੇ 'ਯੂ' ਆਕਾਰ 'ਚ ਖੜ੍ਹੇ ਹੋ ਕੇ 12 ਕਿਲੋਮੀਟਰ ਲੰਬਾ ਤਿਰੰਗਾ ਲਹਿਰਾਇਆ। 
ਲਾਲਵਾਨੀ ਨੇ ਦੱਸਿਆ ਕਿ ਇਸ ਤਿਰੰਗੇ ਨੂੰ ਗੁਜਰਾਤ ਦੇ ਸੂਰਤ ਸ਼ਹਿਰ ਦੇ ਦਰਜੀਆਂ ਨੇ ਮਹੀਨੇਭਰ ਦੀ ਮਿਹਨਤ ਨਾਲ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਾਲ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ 'ਚ ਭਗਤ ਸਿੰਘ ਤੇ ਸੁਖਦੇਵ ਵਰਗੇ ਸ਼ਹੀਦ ਕ੍ਰਾਂਤੀਕਾਰੀਆਂ ਦੇ ਰਿਸ਼ਤੇਦਾਰ ਵੀ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮਥੁਰਾ 'ਚ 10 ਕਿਲੋਮੀਟਰ ਤੇ ਗੋਰਖਪੁਰ 'ਚ 11 ਕਿਲੋਮੀਟਰ ਲੰਬਾ ਤਿਰੰਗਾ ਤਿਆਰ ਕਰ ਕੇ ਰਿਕਾਰਡ ਦਾ ਦਾਅਵਾ ਕੀਤਾ ਜਾ ਚੁੱਕਾ ਹੈ।