‘ਇੰਡੀਆ’ ਗਠਜੋੜ ਨੇ ਜਨਤਕ ਤੌਰ ’ਤੇ ਇਕ ਦੂਜੇ ਦੀ ਆਲੋਚਨਾ ਨਾ ਕਰਨ ਦਾ ਲਿਆ ਫੈਸਲਾ

01/09/2024 12:46:43 PM

ਨਵੀਂ ਦਿੱਲੀ- ਮਹਾਰਾਸ਼ਟਰ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ‘ਇੰਡੀਆ’ ਗਠਜੋੜ ਦੇ ਭਾਈਵਾਲਾਂ ਵਿਚਾਲੇ ਮਤਭੇਦ ਹੋਣ ਦੇ ਬਾਵਜੂਦ ਸ਼ਿਵ ਸੈਨਾ (ਯੂ. ਬੀ. ਟੀ.), ਕਾਂਗਰਸ ਅਤੇ ਐੱਨ. ਸੀ. ਪੀ. ਨੇ ਜਨਤਕ ਤੌਰ ’ਤੇ ਇੱਕ ਦੂਜੇ ਦੀ ਆਲੋਚਨਾ ਕਰਨੀ ਬੰਦ ਕਰ ਦਿੱਤੀ ਹੈ।

ਲਗਦਾ ਹੈ ਕਿ ਕਾਂਗਰਸ ਅਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾਵਾਂ ਨੇ ਅੰਦਰੂਨੀ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਜਿੱਥੇ ਆਪਣਾ ਲਹਿਜ਼ਾ ਨਰਮ ਕੀਤਾ, ਉੱਥੇ ਹੀ ਊਧਵ ਸੈਨਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਦੇ ਮੈਂਬਰ ਸੰਜੇ ਰਾਉਤ ਨੇ ਵੀ ਅਜਿਹਾ ਹੀ ਸੰਕੇਤ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਅਹਿਮ ਨਹੀਂ ਕਿ ਕੌਣ ਕਿੰਨੀਆਂ ਸੀਟਾਂ ’ਤੇ ਚੋਣ ਲੜਦਾ ਹੈ। ਅਸੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਪਵਿੱਤਰ ਸੱਤਾਧਾਰੀ ਗੱਠਜੋੜ ਨੂੰ ਹਰਾਉਣਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਸ਼ਿਵ ਸੈਨਾ 23 ਸੀਟਾਂ ’ਤੇ ਚੋਣ ਲੜੇਗੀ, ਉਨ੍ਹਾਂ ਕਿਹਾ ਕਿ ਗਿਣਤੀ ਅਰਥ ਨਹੀਂ ਰੱਖਦੀ।

ਉਨ੍ਹਾਂ ਵਿਸਥਾਰ ਨਾਲ ਕੁਝ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਡੀਕੋ ਅਤੇ ਵੇਖੋ, ਸਾਡੇ ਕੋਲ ਕੁਝ ਨਵੇਂ ਸਹਿਯੋਗੀ ਹੋ ਸਕਦੇ ਹਨ। ਖ਼ਬਰ ਹੈ ਕਿ ਮਹਾਰਾਸ਼ਟਰ ਵਿੱਚ ਪ੍ਰਕਾਸ਼ ਅੰਬੇਡਕਰ ਵੀ ਗਠਜੋੜ ਵਿੱਚ ਸ਼ਾਮਲ ਹੋ ਸਕਦੇ ਹਨ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਊਧਵ ਸੈਨਾ ਨੇ 23 ਸੀਟਾਂ ’ਤੇ ਚੋਣ ਲੜੀ ਅਤੇ 18 ’ਤੇ ਜਿੱਤ ਹਾਸਲ ਕੀਤੀ ਸੀ। ਉਸ ਨੇ 23.5 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਭਾਜਪਾ ਨੇ 25 ਵਿੱਚੋਂ 23 ਸੀਟਾਂ ਜਿੱਤੀਆਂ ਅਤੇ 27.84 ਫੀਸਦੀ ਵੋਟਾਂ ਹਾਸਲ ਕੀਤੀਆਂ।

ਸ਼ਿਵ ਸੈਨਾ ਦੇ ਵਧੇਰੇ ਸੰਸਦ ਮੈਂਬਰਾਂ ਨੇ ਸ਼ਿੰਦੇ ਸੈਨਾ ਨਾਲ ਹੱਥ ਮਿਲਾ ਲਿਆ ਹੈ ਪਰ ਊਧਵ ਧੜਾ 23 ਸੀਟਾਂ ’ਤੇ ਚੋਣ ਲੜਨ ’ਤੇ ਜ਼ੋਰ ਦੇ ਰਿਹਾ ਹੈ। 2019 ਦੀਆਂ ਚੋਣਾਂ ਵਿੱਚ ਏ. ਆਈ. ਐੱਮ. ਆਈ. ਐੱਮ. ਮਹਾਰਾਸ਼ਟਰ ਵਿੱਚ ਇੱਕ ਤਾਕਤ ਵਜੋਂ ਉਭਰੀ । ਉਸ ਨੇ ਕਾਂਗਰਸ-ਐਨ. ਸੀ. ਪੀ. ਨੂੰ ਨੁਕਸਾਨ ਪਹੁੰਚਾਇਆ ਤੇ ਇੱਕ ਸੀਟ ਜਿੱਤੀ।

ਕਾਂਗਰਸ ਨੇ 25 ਸੀਟਾਂ ’ਤੇ ਚੋਣ ਲੜੀ ਅਤੇ 16.41 ਫੀਸਦੀ ਵੋਟਾਂ ਹਾਸਲ ਕੀਤੀਆਂ। ਉਹ ਸਿਰਫ ਇਕ ਸੀਟ ਜਿੱਤ ਸਕੀ ਜਦਕਿ ਐੱਨ. ਸੀ. ਪੀ. ਨੇ 19 ਸੀਟਾਂ ’ਤੇ ਚੋਣ ਲੜੀ ਅਤੇ 15.66 ਫੀਸਦੀ ਵੋਟਾਂ ਨਾਲ 4 ਸੀਟਾਂ ਜਿੱਤੀਆਂ।

Rakesh

This news is Content Editor Rakesh