ਅੱਤਵਾਦੀਆਂ ਦੇ ਨਿਸ਼ਾਨੇ ''ਤੇ ਮੋਦੀ ਤੇ ਕੋਹਲੀ ਸਮੇਤ ਇਹ ਦਿੱਗਜ

10/30/2019 5:42:30 AM

ਨਵੀਂ ਦਿੱਲੀ— ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੀ-20 ਇੰਟਰਨੈਸ਼ਨਲ ਮੁਕਾਬਲੇ ਤੋਂ ਪਹਿਲਾਂ ਦਿੱਲੀ ਪੁਲਸ ਨੂੰ ਭਾਰਤੀ ਕ੍ਰਿਕਟ ਟੀਮ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਟੀ-20 ਸੀਰੀਜ਼ ਅਧੀਨ 3 ਮੈਚ ਖੇਡੇ ਜਾਣੇ ਹਨ। ਪਹਿਲਾ ਮੈਚ 3 ਨਵੰਬਰ ਤੋਂ ਸਥਾਨਕ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾਏਗਾ।

ਇਸ ਮੁਕਾਬਲੇ ਤੋਂ ਪਹਿਲਾਂ ਇਹ ਖਬਰ ਆਈ ਹੈ ਕਿ ਦਿੱਲੀ ਵਿਚ ਭਾਰਤੀ ਟੀਮ 'ਤੇ ਅੱਤਵਾਦੀ ਹਮਲਾ ਹੋਣ ਦਾ ਡਰ ਹੈ। ਇਸ ਕਾਰਣ ਐੱਨ. ਆਈ. ਏ. ਨੇ ਦਿੱਲੀ ਪੁਲਸ ਨੂੰ ਦੋਵਾਂ ਟੀਮਾਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ। ਇਕ ਗੁੰਮਨਾਮ ਚਿੱਠੀ ਵਿਚ ਕਿਹਾ ਗਿਆ ਹੈ ਕਿ ਕੋਝੀਕੋਡ ਸਥਿਤ ਆਲ ਇੰਡੀਆ ਲਸ਼ਕਰ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਅਰੁਣ ਜੇਤਲੀ ਸਟੇਡੀਅਮ ਵਿਚ ਮੌਜੂਦ ਹੋਰਨਾਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਕੋਹਲੀ ਇਸ ਲੜੀ ਵਿਚ ਟੀਮ ਨਾਲ ਨਹੀਂ ਹਨ। ਰੋਹਿਤ ਸ਼ਰਮਾ ਇਸ ਸੀਰੀਜ਼ ਵਿਚ ਟੀਮ ਦੀ ਕਪਤਾਨੀ ਕਰਨਗੇ।

ਇਕ ਸੂਤਰ ਨੇ ਮੰਗਲਵਾਰ ਦੱਸਿਆ ਕਿ ਐੱਨ. ਆਈ. ਏ. ਨੂੰ ਜੋ ਗੁੰਮਨਾਮ ਚਿੱਠੀ ਮਿਲੀ ਹੈ, ਉਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਟੀਮ ਖਾਸ ਕਰ ਕੇ ਵਿਰਾਟ ਕੋਹਲੀ ਖਤਰੇ ਦੀ ਸੂਚੀ ਵਿਚ ਹੈ। ਚਿੱਠੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ, ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਅਤੇ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਦੇ ਨਾਂ ਵੀ ਸ਼ਾਮਲ ਹਨ।ਇਸ ਚਿੱਠੀ ਦੀ ਭਰੋਸੇਯੋਗਤਾ ਨੂੰ ਲੈ ਕੇ ਕੁਝ ਸ਼ੱਕ ਹਨ ਪਰ ਸੁਰੱਖਿਆ ਏਜੰਸੀਆਂ ਕਿਸੇ ਤਰ੍ਹਾਂ ਦਾ ਖਤਰਾ ਮੁੱਲ ਲੈਣ ਲਈ ਤਿਆਰ ਨਹੀਂ ਹਨ। ਮੈਦਾਨ ਵਿਚ ਖਿਡਾਰੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।

DIsha

This news is Content Editor DIsha