ਪੁਲਵਾਮਾ 'ਚ ਮਾਰੇ ਗਏ 3 ਅੱਤਵਾਦੀ, ਇਕ ਜਵਾਨ ਸ਼ਹੀਦ

05/16/2019 8:37:50 AM

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸੁਰੱਖਿਆ ਫੌਜ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਵੀਰਵਾਰ ਤੜਕੇ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ। ਇਸ ਦੌਰਾਨ 2 ਜਵਾਨ ਅਤੇ ਇਕ ਸਥਾਨਕ ਨਿਵਾਸੀ ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ, ਜਿੱਥੇ ਸੰਦੀਪ ਨਾਂ ਦੇ ਜਵਾਨ ਨੇ ਦਮ ਤੋੜ ਦਿੱਤਾ। ਫਿਲਹਾਲ ਇਕ ਜਵਾਨ ਤੇ ਇਕ ਸਥਾਨਕ ਨਿਵਾਸੀ ਦਾ ਇਲਾਜ ਚੱਲ ਰਿਹਾ ਹੈ। ਆਖਰੀ ਸੂਚਨਾ ਮਿਲਣ ਤਕ ਮੁਕਾਬਲਾ ਜਾਰੀ ਸੀ। 

ਸੂਤਰਾਂ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਰਾਸ਼ਟਰੀ ਰਾਈਫਲ , ਕੇਂਦਰੀ ਰਿਜ਼ਰਵ ਪੁਲਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਦਲ ਨੇ ਅੱਜ ਤੜਕੇ ਪੁਲਵਾਮਾ ਦੇ ਦਲਿਪੋਰਾ ਪਿੰਡ 'ਚ ਮੁਹਿੰਮ ਸ਼ੁਰੂ ਕੀਤੀ। 

ਸੁਰੱਖਿਆ ਫੌਜ ਦੇ ਜਵਾਨਾਂ ਨੇ ਪਿੰਡ ਦੇ ਸਾਰੇ ਨਿਕਾਸ ਮਾਰਗਾਂ ਨੂੰ ਬੰਦ ਕਰ ਦਿੱਤਾ। ਇਸ ਦੇ ਬਾਅਦ ਸੁਰੱਖਿਆ ਫੌਜ ਦੇ ਜਵਾਨ ਜਦ ਪਿੰਡ 'ਚ ਇਕ ਖਾਸ ਖੇਤਰ ਵੱਲ ਵਧੇ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ 3 ਅੱਤਵਾਦੀ ਮਾਰੇ ਗਏ।
ਸੂਤਰਾਂ ਨੇ ਦੱਸਿਆ ਕਿ ਇਸ ਖੇਤਰ 'ਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਫੌਜ ਤਾਇਨਾਤ ਰਹੇਗੀ। ਪ੍ਰਸ਼ਾਸਨ ਨੇ ਪੁਲਵਾਮਾ 'ਚ ਸੁਰੱਖਿਆ ਕਾਰਨਾਂ ਕਰਕੇ ਮੋਬਾਇਲ ਇੰਟਰਨੈੱਟ ਸੇਵਾ ਸਥਿਗਤ ਕਰ ਦਿੱਤੀ।